ਸਿੱਖ ਏਡ ਸਕਾਟਲੈਂਡ ਦਾ ਫੰਡ ਰੇਜਿੰਗ ਸਮਾਗਮ ਸੰਪੰਨ, ਗਾਇਕ ਕੁਲਦੀਪ ਪੁਰੇਵਾਲ ਤੇ ਬਾਦਲ ਤਲਵਣ ਨੇ ਬੰਨ੍ਹਿਆ ਰੰਗ

Thursday, Oct 02, 2025 - 02:48 AM (IST)

ਸਿੱਖ ਏਡ ਸਕਾਟਲੈਂਡ ਦਾ ਫੰਡ ਰੇਜਿੰਗ ਸਮਾਗਮ ਸੰਪੰਨ, ਗਾਇਕ ਕੁਲਦੀਪ ਪੁਰੇਵਾਲ ਤੇ ਬਾਦਲ ਤਲਵਣ ਨੇ ਬੰਨ੍ਹਿਆ ਰੰਗ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਤੋਂ ਸੰਚਾਲਿਤ ਸੰਸਥਾ ਸਿੱਖ ਏਡ ਸਕਾਟਲੈਂਡ ਵੱਲੋਂ ਮੱਧ ਪ੍ਰਦੇਸ਼ ਵਿੱਚ ਵਸਦੇ ਸਿਕਲੀਗਰ ਵਣਜਾਰੇ ਸਿੱਖਾਂ ਦੇ ਬੱਚਿਆਂ ਦੀ ਵਿੱਦਿਆ ਲਈ ਸਕੂਲ ਨਿਰਮਾਣ ਅਤੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨਿਸ਼ਕਾਮ ਉਪਰਾਲੇ ਪਿਛਲੇ ਢਾਈ ਦਹਾਕਿਆਂ ਤੋਂ ਕੀਤੇ ਜਾ ਰਹੇ ਹਨ। ਇਸ ਵਰ੍ਹੇ ਦਾ ਫੰਡ ਇਕੱਤਰ ਸਮਾਗਮ ਨਾਰਮੰਡੀ ਹੋਟਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਭਾਈਚਾਰੇ ਦੀਆਂ ਸੈਂਕੜੇ ਸ਼ਖਸੀਅਤਾਂ ਵੱਲੋਂ ਹਿੱਸਾ ਲਿਆ ਗਿਆ।

 ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਐਲਾਨ, ਕੋਵਿਡ ਡਿਊਟੀ ਦੌਰਾਨ ਸ਼ਹੀਦ ਹੋਏ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲਣਗੇ 1 ਕਰੋੜ

PunjabKesari

ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਐਲਬਰਟ ਡਰਾਈਵ ਦੇ ਵਜ਼ੀਰ ਭਾਈ ਅਮਰੀਕ ਸਿੰਘ, ਭਾਈ ਮਨਪ੍ਰੀਤ ਸਿੰਘ ਤੇ ਭਾਈ ਗਗਨਦੀਪ ਸਿੰਘ ਜੀ ਵੱਲੋਂ ਸਿਖਾਏ ਜਾ ਰਹੇ ਬੱਚਿਆਂ ਦੀ ਤਬਲੇ ਦੀ ਪੇਸ਼ਕਾਰੀ ਨਾਲ ਹੋਈ। ਇਸ ਉਪਰੰਤ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਸ਼ਬਦ ਗਾਇਨ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਸੁਲੱਖਣ ਸਿੰਘ ਸਮਰਾ ਨੇ ਪ੍ਰਧਾਨਗੀ ਭਾਸ਼ਣ ਰਾਹੀਂ ਦੂਰੋਂ ਨੇੜਿਓਂ ਆਈ ਸੰਗਤ ਨੂੰ ਜੀ ਆਇਆਂ ਕਿਹਾ। ਇਸ ਉਪਰੰਤ "ਮਹਿਕ ਪੰਜਾਬ ਦੀ" ਗਿੱਧਾ ਗਰੁੱਪ ਵੱਲੋਂ ਗਿੱਧੇ ਦੀ ਪੇਸ਼ਕਾਰੀ ਰਾਹੀਂ ਸਮਾਗਮ ਵਿੱਚ ਰੰਗ ਭਰੇ। ਹਿੰਮਤ ਖੁਰਮੀ ਵੱਲੋਂ ਆਪਣੀ ਕਵਿਤਾ "ਤੁਸੀਂ ਚਿੱਤ ਨਾ ਡੁਲਾਇਓ ਵਣਜਾਰਿਓ ਸਿੰਘੋ" ਬੋਲ ਕੇ ਖੂਬ ਵਾਹ-ਵਾਹ ਖੱਟੀ। ਸਾਊਥਾਲ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਨੌਜਵਾਨ ਗਾਇਕ ਬਾਦਲ ਤਲਵਣ ਨੇ ਆਪਣੀ ਦਮਦਾਰ ਗਾਇਕੀ ਰਾਹੀਂ ਹਾਜ਼ਰੀਨ ਨੂੰ ਝੂਮਣ ਲਾ ਦਿੱਤਾ। ਸੰਸਥਾ ਦੇ ਮੋਢੀ ਆਗੂ ਸਰਦਾਰ ਗੁਰਦੀਪ ਸਿੰਘ ਸਮਰਾ ਨੇ ਹਾਜ਼ਰੀਨ ਨੂੰ ਸੰਸਥਾ ਦੇ ਕੰਮਾਂ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ ਅਤੇ ਸਿਕਲੀਗਰ ਵਣਜਾਰੇ ਸਿੱਖਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਉਪਰੰਤ ਹਰਸਿਮਰਤ ਕੌਰ ਨੇ ਆਪਣੀ ਤਕਰੀਰ ਰਾਹੀਂ ਆਈ ਸੰਗਤ ਦਾ ਧੰਨਵਾਦ ਕੀਤਾ। ਭਾਈ ਸੁਰਿੰਦਰ ਸਿੰਘ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਨਾਲ ਸਿੱਖ ਏਡ ਸਕਾਟਲੈਂਡ ਦੇ ਉਪਰਾਲਿਆਂ ਨੂੰ ਸ਼ਾਬਾਸ਼ ਦਿੱਤੀ।

 ਇਹ ਵੀ ਪੜ੍ਹੋ : ਹੁਣ ਦਾਲਾਂ 'ਚ ਨਹੀਂ ਹੋਵੇਗੀ ਵਿਦੇਸ਼ੀ ਨਿਰਭਰਤਾ, 2030 ਤੱਕ ਪੂਰੀ ਤਰ੍ਹਾਂ ਆਤਮਨਿਰਭਰ ਬਣੇਗਾ ਭਾਰਤ

ਅਮਰੀਕਾ ਤੇ ਕੈਨੇਡਾ ਤੋਂ ਆਏ ਵਫਦ ਵਿੱਚੋਂ ਸਰਦਾਰ ਦੀਪ ਸਿੰਘ ਯੂ. ਐੱਸ. ਏ., ਸਤਨਾਮ ਸਿੰਘ ਯੂ. ਐੱਸ. ਏ., ਬਲਦੇਵ ਸਿੰਘ ਵਿਜ ਤੇ ਡਾ. ਅੰਮ੍ਰਿਤ ਸਿੰਘ ਨੇ ਵੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦਿਆਂ ਸਿੱਖ ਏਡ ਸਕਾਟਲੈਂਡ ਤੇ ਸਾਥੀ ਸੰਸਥਾਵਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸਮੇਂ ਦਾਨ ਰੂਪ ਵਿੱਚ ਸੰਗਤ ਕੋਲੋਂ ਮਿਲੀਆਂ ਦੁਰਲੱਭ ਵਸਤਾਂ ਦੀ ਨਿਲਾਮੀ ਕਰਕੇ ਸੰਸਥਾ ਲਈ ਦਾਨ ਰਾਸ਼ੀ ਜੁਟਾਈ ਗਈ। ਇਸ ਤੋਂ ਇਲਾਵਾ ਵਿਜੇਪਾਲ ਸਿੰਘ ਵਿਰ੍ਹੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬ੍ਰੈਡਫੋਰਡ ਲੀਡਜ਼ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਸ਼ਵ ਪ੍ਰਸਿੱਧ ਗਾਇਕ ਕੁਲਦੀਪ ਪੁਰੇਵਾਲ ਦੀ ਵਾਰੀ ਆਈ ਤਾਂ ਹਾਜ਼ਰੀਨ ਨੇ ਤਾੜੀਆਂ ਨਾਲ ਉਹਨਾਂ ਦਾ ਜੋਸ਼ੀਲਾ ਸਵਾਗਤ ਕੀਤਾ। ਕੁਲਦੀਪ ਪੁਰੇਵਾਲ ਨੇ ਇੱਕ ਤੋਂ ਬਾਅਦ ਇੱਕ ਆਪਣੇ ਹਿੱਟ ਗੀਤਾਂ ਨਾਲ ਸਮਾਗਮ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ। ਰੈਫਲ ਟਿਕਟਾਂ ਰਾਹੀਂ ਦਾਨ 'ਚ ਮਿਲੀਆਂ ਵਸਤਾਂ ਜੇਤੂਆਂ ਨੂੰ ਤਕਸੀਮ ਕਰਨ ਦੀ ਰਸਮ ਸਕਾਟਲੈਂਡ ਦੇ ਜੰਮਪਲ ਬੱਚਿਆਂ ਵੱਲੋਂ ਨਿਭਾਈ ਗਈ। ਡਾ. ਇੰਦਰਜੀਤ ਸਿੰਘ ਐੱਮਬੀਈ ਵੱਲੋਂ ਵਿਸਥਾਰਪੂਰਵਕ ਭਾਸ਼ਣ ਦੌਰਾਨ ਆਏ ਲੋਕਾਂ, ਸਹਿਯੋਗੀ ਸੰਸਥਾਵਾਂ ਤੇ ਸੱਜਣਾਂ ਦਾ ਬਹੁਤ ਹੀ ਮੋਹ ਭਰੇ ਲਫਜ਼ਾਂ ਨਾਲ ਧੰਨਵਾਦ ਕੀਤਾ। ਇਸ ਤਰ੍ਹਾਂ ਸ਼ਾਮ ਵੇਲੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲਿਆ ਇਹ ਸਮਾਗਮ ਅਨੇਕਾਂ ਯਾਦਾਂ ਛੱਡਦਾ ਤੇ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਿਆ। ਸਮੁੱਚੇ ਸਮਾਗਮ ਦੇ ਮੰਚ ਸੰਚਾਲਨ ਦੇ ਫਰਜ਼ ਡਾ. ਸਤਬੀਰ ਗਿੱਲ ਤੇ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਬਹੁਤ ਜ਼ਿੰਮੇਵਾਰੀ ਨਾਲ ਨਿਭਾਏ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News