ਲੰਡਨ ''ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ, ਭਾਰਤੀ ਹਾਈ ਕਮਿਸ਼ਨ ਨੇ ਘਟਨਾ ਨੂੰ ਦੱਸਿਆ ਸ਼ਰਮਨਾਕ
Tuesday, Sep 30, 2025 - 03:01 PM (IST)

ਲੰਡਨ: ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਗਾਂਧੀ ਜਯੰਤੀ (2 ਅਕਤੂਬਰ) ਤੋਂ ਠੀਕ ਪਹਿਲਾਂ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ ਕੀਤੇ ਜਾਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਲੰਡਨ ਦੇ ਟੈਵਿਸਟੌਕ ਸਕੁਏਅਰ (Tavistock Square) ਵਿਖੇ ਵਾਪਰੀ, ਜਿੱਥੇ ਧਿਆਨ ਮੁਦਰਾ ਵਿੱਚ ਬੈਠੇ ਰਾਸ਼ਟਰਪਿਤਾ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਉਸਦੇ ਆਸਣ 'ਤੇ ਇਤਰਾਜ਼ਯੋਗ ਸ਼ਬਦ ਲਿਖੇ ਗਏ। ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਦਿਆਂ ਕਿਹਾ, "ਇਹ ਸਿਰਫ਼ ਭੰਨ-ਤੋੜ ਦੀ ਘਟਨਾ ਨਹੀਂ, ਸਗੋਂ ਕੌਮਾਂਤਰੀ ਅਹਿੰਸਾ ਦਿਵਸ ਤੋਂ ਤਿੰਨ ਦਿਨ ਪਹਿਲਾਂ ਅਹਿੰਸਾ ਦੇ ਵਿਚਾਰ ਅਤੇ ਮਹਾਤਮਾ ਗਾਂਧੀ ਦੀ ਵਿਰਾਸਤ 'ਤੇ ਹਿੰਸਕ ਹਮਲਾ ਹੈ"। ਮਿਸ਼ਨ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਸਥਾਨਕ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਬੁੱਤ ਨੂੰ ਠੀਕ ਕਰਵਾਉਣ ਲਈ ਟੀਮ ਮੌਕੇ 'ਤੇ ਮੌਜੂਦ ਹੈ। ਲੰਡਨ ਪੁਲਸ ਅਤੇ ਸਥਾਨਕ ਕੈਮਡੇਨ ਕੌਂਸਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
1968 ਵਿੱਚ ਸਥਾਪਤ ਹੋਇਆ ਸੀ ਬੁੱਤ
ਇਹ ਕਾਂਸੀ ਦਾ ਬੁੱਤ 1968 ਵਿੱਚ ਇੰਡੀਆ ਲੀਗ ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ ਸੀ। ਇਹ ਉਸ ਸਮੇਂ ਦੀ ਯਾਦ ਦਿਵਾਉਂਦਾ ਹੈ ਜਦੋਂ ਮਹਾਤਮਾ ਗਾਂਧੀ ਨੇੜੇ ਦੇ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਕਾਨੂੰਨ ਦੇ ਵਿਦਿਆਰਥੀ ਸਨ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ 2 ਅਕਤੂਬਰ ਨੂੰ 'ਕੌਮਾਂਤਰੀ ਅਹਿੰਸਾ ਦਿਵਸ' ਵਜੋਂ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਇਸ ਥਾਂ 'ਤੇ ਸ਼ਰਧਾਂਜਲੀ ਸਮਾਗਮ ਹੁੰਦਾ ਹੈ।