ਬਾਈਡੇਨ ਦੀ ਕੈਲੀਫੋਰਨੀਆ ਜਿੱਤ 'ਚ ਸਹਾਰਾ ਬਣੇ ਭਾਰਤੀ ਮੂਲ ਦੇ ਕਾਰੋਬਾਰੀ

Saturday, Nov 07, 2020 - 05:29 PM (IST)

ਬਾਈਡੇਨ ਦੀ ਕੈਲੀਫੋਰਨੀਆ ਜਿੱਤ 'ਚ ਸਹਾਰਾ ਬਣੇ ਭਾਰਤੀ ਮੂਲ ਦੇ ਕਾਰੋਬਾਰੀ

ਵਾਸ਼ਿੰਗਟਨ— ਅਮਰੀਕਾ 'ਚ ਗੋਲਡਨ ਸਟੇਟ ਕਹੇ ਜਾਣ ਵਾਲੇ ਕੈਲੀਫੋਰਨੀਆ 'ਚ ਡੈਮੋਕਰੇਟਿਕ ਉਮੀਦਵਾਰ ਜੋਅ ਬਾਈਡੇਨ ਨੂੰ ਭਾਰੀ ਜਿੱਤ ਮਿਲੀ ਹੈ। 264 ਇਲੈਕਟੋਰਲ ਵੋਟਾਂ ਲੈ ਕੇ ਅੱਗੇ ਚੱਲ ਰਹੇ ਬਾਈਡਨ ਨੂੰ ਇਕੱਲੇ ਕੈਲੀਫੋਰਨੀਆ ਤੋਂ 55 ਇਲੈਕਟੋਰਲ ਵੋਟਾਂ ਮਿਲੀਆਂ ਹਨ, ਜਿਨ੍ਹਾਂ ਨੇ ਟਰੰਪ ਅਤੇ ਬਾਈਡੇਨ ਵਿਚਕਾਰ ਫਾਸਲੇ ਨੂੰ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।

ਬਾਈਡੇਨ ਦੀ ਇਸ ਜਿੱਤ 'ਚ ਭਾਰਤੀ ਮੂਲ ਦੇ ਵੱਡੇ ਅਤੇ ਅਮੀਰ ਕਾਰੋਬਾਰੀਆਂ ਦਾ ਵੀ ਵੱਡਾ ਹੱਥ ਹੈ। ਭਾਰਤੀ ਮੂਲ ਦੇ ਕਾਰੋਬਾਰੀ ਰਚਪਾਲ ਸਿੰਘ ਕੋਲ ਰਾਊਂਡ ਟੇਬਲ ਪਿੱਜ਼ਾ ਦੀ ਫਰੈਂਚਾਇਜ਼ੀ ਹੈ। ਉੱਥੇ ਹੀ, ਸਤਵੰਤ ਸਿੰਘ ਗਰੇਵਾਲ ਰੀਅਲ ਅਸਟੇਟ ਕਾਰੋਬਾਰੀ ਹਨ। ਅਜਿਹੇ ਹੀ ਬਹੁਤ ਸਾਰੇ ਭਾਰਤੀ ਲੋਕਾਂ ਨੇ ਕੈਲੀਫੋਰਨੀਆ 'ਚ ਬਾਈਡੇਨ ਦੀ ਜਿੱਤ 'ਚ ਵੱਡੇ-ਵੱਡੇ ਚੰਦੇ ਦੇ ਕੇ ਅਹਿਮ ਭੂਮਿਕਾ ਨਿਭਾਈ ਹੈ। ਅਜੈ ਭੂਤੋੜਿਆ ਜਿਹੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਤਾਂ ਬਾਈਡੇਨ ਦੀ ਟੀਮ ਦੇ ਮੈਂਬਰ ਹਨ, ਜਿਨ੍ਹਾਂ ਨੇ ਦਿਨ-ਰਾਤ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਪ੍ਰਚਾਰ ਕੀਤਾ।
 

ਫਲੋਰਿਡਾ, ਪੈਂਸਿਲਵੇਨੀਆ ਤੇ ਮਿਸ਼ੀਗਨ 'ਚ 5 ਲੱਖ ਭਾਰਤੀ ਮੂਲ ਦੇ ਵੋਟਰ-
ਕੈਲੀਫੋਰਨੀਆ ਦੀ ਤਰ੍ਹਾਂ ਭਾਰਤੀ ਮੂਲ ਦੇ ਅਮਰੀਕੀ, ਰਾਸ਼ਟਰਪਤੀ ਚੋਣਾਂ ਦੇ ਬੈਟਲ ਗਰਾਊਂਡ ਕਹੇ ਜਾਣ ਵਾਲੇ ਸੂਬਿਆਂ, ਫਲੋਰਿਡਾ, ਜਾਰਜੀਆ, ਮਿਸ਼ੀਗਨ, ਨੌਰਥ ਕੈਰੋਲਿਨਾ, ਪੈਂਸਿਲਵੇਨੀਆ ਅਤੇ ਟੈਕਸਾਸ 'ਚ ਵੀ ਫੈਸਲਾਕੁੰਨ ਭੂਮਿਕਾ ਨਿਭਾਅ ਰਹੇ ਹਨ। ਫਲੋਰਿਡਾ, ਪੈਂਸਿਲਵੇਨੀਆ ਅਤੇ ਮਿਸ਼ੀਗਨ 'ਚ ਹੀ ਪੰਜ ਲੱਖ ਭਾਰਤੀ ਮੂਲ ਦੇ ਵੋਟਰ ਹਨ। ਅਮਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਨੂੰ ਗੰਭੀਰ ਵੋਟਰ ਮੰਨਿਆ ਜਾਂਦਾ ਹੈ, ਜਿਨ੍ਹਾਂ ਲਈ ਅਮਰੀਕੀ ਨਾਗਰਿਕ ਦੇ ਤੌਰ 'ਤੇ ਵੋਟ ਪਾਉਣਾ ਮਾਣ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ। ਇਸ ਲਈ ਵੋਟਿੰਗ 'ਚ ਭਾਰਤੀ ਮੂਲ ਦੇ ਲੋਕ ਹਮੇਸ਼ਾ ਅੱਗੇ ਰਹਿੰਦੇ ਹਨ, ਜੋ ਆਮ ਤੌਰ 'ਤੇ ਰੀਪਬਲੀਕਨ ਪਾਰਟੀ ਦੇ ਸਮਰਥਕ ਮੰਨੇ ਜਾਂਦੇ ਹਨ।

ਰਾਜਨੀਤੀ 'ਚ ਆਪਣਾ ਰਸੂਖ਼ ਵਧਾਉਣਾ ਚਾਹੁੰਦੇ ਨੇ ਭਾਰਤੀ ਮੂਲ ਦੇ ਲੋਕ-
ਅਮਰੀਕਾ 'ਚ ਹੁਣ ਭਾਰਤੀ ਮੂਲ ਦੇ ਨਾਗਰਿਕ ਰਾਜਨੀਤੀ 'ਚ ਆਪਣਾ ਰਸੂਖ਼ ਵਧਾਉਣਾ ਚਾਹੁੰਦੇ ਹਨ ਕਿਉਂਕਿ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ 150 ਫੀਸਦੀ ਦੀ ਰਫ਼ਤਾਰ ਨਾਲ ਵੱਧ ਰਹੇ ਹਨ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਸਭ ਤੋਂ ਅੱਗੇ ਹਨ, ਮਤਲਬ ਸਭ ਤੋਂ ਅਮੀਰ ਵੋਟਰ ਹਨ। ਭਾਰਤੀ ਮੂਲ ਦਾ ਅਮਰੀਕੀ ਤਬਕਾ ਸਭ ਤੋਂ ਪੜ੍ਹਿਆ-ਲਿਖਿਆ ਭਾਈਚਾਰਾ ਹੈ, ਜਿਸ ਨੇ ਯਹੂਦੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।


author

Sanjeev

Content Editor

Related News