ਸਿੰਗਾਪੁਰ ’ਚ ਸੜਕ ਹਾਦਸੇ ’ਚ ਔਰਤ ਨੂੰ ਕੀਤਾ ਜ਼ਖ਼ਮੀ, ਭਾਰਤੀ ਨੂੰ ਹੋਇਆ ਜੁਰਮਾਨਾ

Friday, Jun 04, 2021 - 06:58 PM (IST)

ਸਿੰਗਾਪੁਰ ’ਚ ਸੜਕ ਹਾਦਸੇ ’ਚ ਔਰਤ ਨੂੰ ਕੀਤਾ ਜ਼ਖ਼ਮੀ, ਭਾਰਤੀ ਨੂੰ ਹੋਇਆ ਜੁਰਮਾਨਾ

ਇੰਟਰਨੈਸ਼ਨਲ ਡੈਸਕ-ਸਿੰਗਾਪੁਰ ’ਚ ਇਕ ਸੜਕ ਹਾਦਸੇ ਲਈ ਜ਼ਿੰਮੇਵਾਰ ਇਕ ਭਾਰਤੀ ਸਥਾਈ ਨਿਵਾਸੀ ਨੂੰ 2258 (ਤਕਰੀਬਨ162,576 ਰੁਪਏ) ਅਮਰੀਕੀ ਡਾਲਰ ਦਾ ਜੁਰਮਾਨਾ ਅਤੇ ਛੇ ਮਹੀਨਿਆਂ ਲਈ ਵਾਹਨ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਹਾਦਸੇ ’ਚ ਇਕ ਔਰਤ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਅਤੇ ਗੋਡੇ ’ਚ ਸੱਟ ਲੱਗ ਗਈ ਸੀ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਅਨੁਸਾਰ ਭਾਸਕਰ ਸੰਬੰਥਮ (44) ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਕਾਰਨ ਪੈਦਲ ਯਾਤਰੀ ਨੂੰ ਗੰਭੀਰ ਰੂਪ ’ਚ ਜ਼ਖਮੀ ਕਰਨ ਦਾ ਦੋਸ਼ ਕਬੂਲ ਲਿਆ ਹੈ।

ਉਸ ’ਤੇ 3000 ਸਿੰਗਾਪੁਰ ਡਾਲਰ (2258 ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਛੇ ਮਹੀਨਿਆਂ ਲਈ ਡਰਾਈਵਿੰਗ ’ਤੇ ਪਾਬੰਦੀ ਲਗਾਈ ਗਈ ਹੈ। ਉਸ ਵਿਅਕਤੀ ਉੱਤੇ ਹਾਊਸਿੰਗ ਬਲਾਕ ਕਾਰ ਪਾਰਕ ’ਚ ਚੌਕੰਨਾ ਹੋ ਕੇ ਨਾ ਦੇਖਣ ਅਤੇ ਇੱਕ ਪੈਦਲ ਔਰਤ ਨੂੰ ਜ਼ਖ਼ਮੀ ਕਰਨ ਦਾ ਦੋਸ਼ ਹੈ। ਇਸ ਦੋਸ਼ ਲਈ ਭਾਸਕਰ ਨੂੰ ਦੋ ਸਾਲ ਦੀ ਕੈਦ ਅਤੇ 5000 ਸਿੰਗਾਪੁਰ ਡਾਲਰ ਤਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਅਦਾਲਤ ਨੇ ਕਿਹਾ ਕਿ ਭਾਸਕਰ 3 ਅਪ੍ਰੈਲ, 2019 ਨੂੰ ਬਲਾਕ 101, ਟੈਂਪਾਈਨਜ਼ ਸਟ੍ਰੀਟ ਨੇੜੇ ਇੱਕ ਪਾਰਕਿੰਗ ਤੋਂ ਆਪਣਾ ਵਾਹਨ ਚਲਾ ਕੇ ਆ ਰਿਹਾ ਸੀ।

ਉਸੇ ਸਮੇਂ ਪੀੜਤ (58) ਆਪਣੇ ਕੰਮ ਦੇ ਸਿਲਸਿਲੇ ’ਚ ਬੱਸ ਅੱਡੇ ਵੱਲ ਜਾ ਰਹੀ ਸੀ। ਬੱਸ ਅੱਡੇ ’ਤੇ ਜਾਣ ਲਈ ਉਸ ਨੂੰ ਕਾਰ ਪਾਰਕ ’ਚੋਂ ਲੰਘਣਾ ਪਿਆ। ਮੀਂਹ ਪੈਣ ਕਾਰਨ ਭਾਸਕਰ ਔਰਤ ਨੂੰ ਵੇਖ ਨਹੀਂ ਸਕਿਆ ਅਤੇ ਉਸ ਨੇ ਕਾਰ ਨੂੰ ਸੱਜੇ ਵੱਲ ਮੋੜ ਦਿੱਤਾ, ਜਿਸ ਕਾਰਨ ਉਕਤ ਔਰਤ ਕਾਰ ਦੀ ਲਪੇਟ ’ਚ ਆਉਣ ਕਰਕੇ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਔਰਤ ਦੇ ਪਤੀ ਨੇ ਪੁਲਸ ’ਚ ਰਿਪੋਰਟ ਦਰਜ ਕਰਵਾਈ ਸੀ।


author

Manoj

Content Editor

Related News