ਭਾਰਤੀ IT ਕੰਪਨੀਆਂ ''ਤੇ ਗੈਰ-ਭਾਰਤੀਆਂ ਨਾਲ ਵਿਤਕਰਾ ਕਰਨ ਦਾ ਦੋਸ਼

9/11/2019 2:34:30 PM

ਵਾਸ਼ਿੰਗਟਨ — ਅਮਰੀਕਾ 'ਚ ਕੰਮ ਕਰ ਰਹੀ ਇਕ ਭਾਰਤੀ ਡਿਜੀਟਲ ਸੇਵਾ ਕੰਪਨੀ 'ਤੇ ਗੈਰ-ਭਾਰਤੀਆਂ ਨਾਲ ਵਿਤਕਰਾ ਕਰਨ ਅਤੇ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਭਰਤੀ ਅਤੇ ਨੌਕਰੀਆਂ 'ਚ ਤਰਜੀਹ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਅਮਰੀਕੀ ਨਾਗਰਿਕ ਟਾਮੀ ਸਲਜਬਰਗ ਨੇ ਆਪਣੇ ਮੁਕੱਦਮੇ 'ਚ ਦੋਸ਼ ਲਗਾਇਆ ਕਿ ਸੈਨ ਜੋਸ ਸਥਿਤ ਹੈਪੀਐਸਟ ਮਾਈਂਡਸ 'ਚ ਕੰਮ ਕਰਨ ਵਾਲੇ ਘੱਟੋ-ਘੱਟ 90 ਫੀਸਦੀ ਲੋਕ ਦੱਖਣੀ ਏਸ਼ੀਆਈ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਹਨ। ਇਸ ਕੰਪਨੀ ਦਾ ਮੁੱਖ ਦਫਤਰ ਬੈਂਗਲੁਰੂ 'ਚ ਹੈ। ਹੈਪੀਐਸਟ ਮਾਈਂਡਸ ਦੇ ਦੁਨੀਆ ਭਰ 'ਚ 2,400 ਤੋਂ ਜ਼ਿਆਦਾ ਕਰਮਚਾਰੀ ਹਨ ਅਤੇ ਅਮਰੀਕਾ 'ਚ ਤਕਰੀਬਨ 200 ਕਰਮਚਾਰੀ ਕੰਮ ਕਰ ਰਹੇ ਹਨ। ਸਲਜਬਰਗ ਮੁਤਾਬਕ ਹੈਪੀਐਸਟ ਮਾਈਂਡਸ ਦੱਖਣੀ ਏਸ਼ੀਆਈ ਅਤੇ ਭਾਰਤੀ ਲੋਕਾਂ ਨੂੰ ਕੰਮ 'ਤੇ ਰੱਖਣ ਅਤੇ ਨਿਯੁਕਤ ਕਰਨ 'ਚ ਤਰਜੀਹ ਦਿੰਦੇ ਹਨ। ਉਸਨੇ ਕਿਹਾ ਪਹਿਲਾਂ ਕੰਪਨੀ ਵਿਦੇਸ਼ਾਂ 'ਚ ਰਹਿ ਰਹੇ ਦੱਖਣੀ ਏਸ਼ੀਆਈ ਅਤੇ ਭਾਰਤੀ ਕਾਮਿਆਂ ਲਈ ਐਚ-1 ਵੀਜ਼ਾ(ਅਤੇ ਹੋਰ ਵੀਜ਼ੇ) ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ ਬਾਅਦ ਵਿਚ ਇੰਨਾ ਦੀ ਭਰਤੀ ਅਮਰੀਕੀ ਅਹੁਦਿਆਂ 'ਤੇ ਕੰਮ ਕਰਨ ਲਈ ਕੀਤੀ ਜਾਂਦੀ ਹੈ। ਮੁਕੱਦਮੇ 'ਚ ਦੋਸ਼ ਲਗਾਇਆ ਗਿਆ ਕਿ ਅਮਰੀਕਾ 'ਚ ਰਹਿ ਰਹੇ ਦੱਖਣੀ ਏਸ਼ੀਆਈ ਅਤੇ ਭਾਰਤੀ ਵਿਅਕਤੀਆਂ ਨੂੰ ਗੈਰ-ਦੱਖਣੀ ਏਸ਼ੀਆਈ ਅਤੇ ਗੈਰ-ਭਾਰਤੀ ਵਿਅਕਤੀਆਂ ਦੀ ਤੁਲਨਾ 'ਚ ਜ਼ਿਆਦਾਤਰ ਪਹਿਲ ਦਿੱਤੀ ਜਾਂਦੀ ਹੈ। ਉਸਨੇ ਅਦਾਲਤ ਨੂੰ ਕੰਪਨੀ ਨੂੰ ਬਿਨਾਂ ਵਿਤਕਰੇ ਵਾਲਾ ਵਿਵਹਾਰ ਅਪਣਾਉਣ ਦਾ ਆਦੇਸ਼ ਦੇਣ ਦੀ ਮੰਗ ਕੀਤੀ ਹੈ।