ਅਮਰੀਕਾ 'ਚ ਬੋਲੇ PM ਮੋਦੀ: ਭਾਰਤੀ ਪ੍ਰਵਾਸੀਆਂ ਨੇ ਦੁਨੀਆ ਭਰ ’ਚ ਬਣਾਈ ਆਪਣੀ ਵੱਖਰੀ ਪਛਾਣ
Thursday, Sep 23, 2021 - 11:21 AM (IST)
ਵਾਸ਼ਿੰਗਟਨ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਭਰ ਵਿਚ ਆਪਣੀ ਵੱਖ ਪਛਾਣ ਬਣਾਉਣ ਲਈ ਭਾਰਤੀ ਪ੍ਰਵਾਸੀਆਂ ਦੀ ਪ੍ਰਸ਼ੰਸਾ ਕੀਤੀ ਹੈ। ਮੋਦੀ ਦੇ ਇੱਥੇ ਪਹੁੰਚਣ ’ਤੇ ਭਾਰਤੀ-ਅਮਰੀਕੀ ਭਾਈਚਾਰੇ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦਾ ਜਹਾਜ਼ ਬੁੱਧਵਾਰ ਨੂੰ ਜਿਵੇਂ ਹੀ ਹਵਾਈਅੱਡੇ ’ਤੇ ਉਤਰਿਆ, ਉਸ ਦੇ ਤੁਰੰਤ ਬਾਅਦ ਭਾਰਤੀ ਅਮਰੀਕੀਆਂ ਦੇ ਇਕ ਸਮੂਹ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੇ ਬਾਅਦ ਮੋਦੀ ਨੇ ਹੋਟਲ ਵਿਚ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤੀ-ਅਮਰੀਕੀ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ.ਈ.ਓ.) ਦੇ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ, ‘ਮੈਂ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਭਾਈਚਾਰੇ ਦਾ ਧੰਨਵਾਦੀ ਹਾਂ। ਭਾਰਤੀ ਪ੍ਰਵਾਸੀ ਸਾਡੀ ਤਾਕਤ ਹਨ।’ ਮੋਦੀ ਨੇ ਕਿਹਾ, ‘ਭਾਰਤੀ ਪ੍ਰਵਾਸੀਆਂ ਨੇ ਜਿਸ ਤਰ੍ਹਾਂ ਦੁਨੀਆ ਭਰ ਵਿਚ ਆਪਣੀ ਵੱਖ ਪਛਾਣ ਬਣਾਈ ਹੈ, ਉਹ ਪ੍ਰਸ਼ੰਸਾਯੋਗ ਹੈ।’
ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਪ੍ਰਵਾਸੀਆਂ ਦੀਆਂ ਮੀਟਿੰਗਾਂ ਉਨ੍ਹਾਂ ਦੇ ਪ੍ਰੋਗਰਾਮ ਦਾ ਅਹਿਮ ਹਿੱਸਾ ਰਹੀਆਂ ਹਨ ਪਰ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਕਾਰਨ ਪ੍ਰਧਾਨ ਮੰਤਰੀ ਇਸ ਵਾਰ ਕੋਈ ਵੱਡੀ ਮੀਟਿੰਗ ਸ਼ਾਇਦ ਨਹੀਂ ਕਰਨਗੇ। ਭਾਰਤੀ-ਅਮਰੀਕੀਆਂ ਵਿਚਾਲੇ ਮੋਦੀ ਕਾਫ਼ੀ ਪ੍ਰਸਿੱਧ ਹਨ। ਅਮਰੀਕਾ ਦੀ ਜਨਸੰਖਿਆ ਵਿਚ 1.2 ਫ਼ੀਸਦੀ ਤੋਂ ਜ਼ਿਆਦਾ ਲੋਕ ਭਾਰਤੀ ਅਮਰੀਕੀ ਹਨ।