ਅਮਰੀਕਾ ''ਚ ਭਾਰਤੀ ਨਾਗਰਿਕ ''ਤੇ ਲੱਗਾ ਕੰਪਿਊਟਰ ਧੋਖਾਧੜੀ ਦਾ ਦੋਸ਼

11/23/2019 11:42:28 AM

ਨਿਊਯਾਰਕ— ਅਮਰੀਕਾ 'ਚ ਕੰਮ ਕਰਨ ਵਾਲੇ ਇਕ ਭਾਰਤੀ ਨਾਗਰਿਕ 'ਤੇ ਆਪਣੇ ਪਹਿਲੇ ਮਾਲਕ ਦੇ ਕੰਪਿਊਟਰ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਅਤੇ ਧੋਖਾ ਦੇਣ ਦੇ ਦੋਸ਼ ਲੱਗੇਹਨ। ਨਿਊਯਾਰਕ ਸਰਦਨ ਡਿਸਟ੍ਰਿਕਟ ਦੇ ਅਮਰੀਕੀ ਅਟਾਰਨੀ ਜਿਓਫਰੀ ਬਰਮਨ ਨੇ ਦੱਸਿਆ ਕਿ ਨਿਊਜਰਸੀ ਨਿਵਾਸੀ 37 ਸਾਲਾ ਮਯੂਰ ਰੇਲੇ 'ਤੇ ਕੰਪਿਊਟਰ ਧੋਖਾਧੜੀ ਅਤੇ ਦੁਰਉਪਯੋਗ ਕਰਨ ਦੇ ਦੋ ਦੋਸ਼ ਹਨ। ਇਨ੍ਹਾਂ ਦੋਸ਼ਾਂ 'ਤੇ ਵਧ ਤੋਂ ਵਧ 10 ਸਾਲ ਦੀ ਸਜ਼ਾ ਮਿਲ ਸਕਦੀ ਹੈ।

ਰੇਲੇ ਨੂੰ ਵੀਰਵਾਰ ਨੂੰ ਨਿਊਜਰਸੀ 'ਚ ਹਿਰਾਸਤ 'ਚ ਲੈ ਕੇ ਨਿਊਯਾਰਕ ਦੀ ਸੰਘੀ ਅਦਾਲਤ 'ਚ ਅਮਰੀਕੀ ਮੈਜਿਸਟ੍ਰੇਟ ਸਾਰਾ ਨੈੱਟਬਰਨ ਸਾਹਮਣੇ ਪੇਸ਼ ਕੀਤਾ ਗਿਆ ਸੀ। ਰੇਲੇ ਦੇ ਪਹਿਲੇ ਮਾਲਕ ਨੇ ਰੇਲੇ ਖਿਲਾਫ ਕੰਪਿਊਟਰ ਧੋਖਾਧੜੀ ਅਤੇ ਦੁਰਉਪਯੋਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਜਿਸ ਮੁਤਾਬਕ ਰੇਲੇ ਨੇ ਹੋਰ ਕਰਮਚਾਰੀਆਂ ਦੇ ਕੰਪਿਊਟਰ ਸਿਸਟਮ 'ਚ ਜਾਣ-ਬੁੱਝ ਕੇ ਰੈਂਸਮਵੇਅਰ ਡਾਊਨਲੋਡ ਕਰਕੇ ਸਿਸਟਮ ਨੂੰ ਨੁਕਸਾਨ ਪਹੁੰਚਾਇਆ। ਮੈਨਹਟਨ ਸੰਘੀ ਅਦਾਲਤ 'ਚ ਦਾਇਰ ਦੋਸ਼ ਤਹਿਤ ਰੇਲੇ ਸਤੰਬਰ 2017 'ਚ ਇਕ ਕੌਮਾਂਤਰੀ ਉਦਯੋਗਿਕ ਕੰਪਨੀ ਦੇ ਸੂਚਨਾ ਉਦਯੋਗ ਵਿਭਾਗ 'ਚ ਕਲਾਊਡ ਅਤੇ ਇੰਫਰਾਸਟ੍ਰਕਚਰ ਦੇ ਉੱਚ ਪ੍ਰਬੰਧਕ ਦੇ ਅਹੁਦੇ 'ਤੇ ਸਨ। ਇਸ ਕੰਪਨੀ ਦਾ ਦਫਤਰ ਨਿਊਯਾਰਕ 'ਚ ਸੀ। ਆਪਣੀ ਹਰਕਤ ਨੂੰ ਲੁਕਾਉਣ ਦੇ ਕੋਸ਼ਿਸ਼ 'ਚ ਰੇਲੇ ਨੇ ਸਿਸਟਮ ਲਾਗ ਹਟਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕੰਪਨੀ ਦੀ ਇਕ ਬਹੁਤ ਜ਼ਰੂਰੀ ਫਾਈਲ ਵੀ ਡਲੀਟ ਕਰ ਦਿੱਤੀ ਸੀ। ਰੇਲੇ ਦੀ ਇਸ ਹਰਕਤ ਕਾਰਨ ਕੰਪਨੀ ਨੂੰ ਟਿਕਟਾਂ ਦੀ ਵਿਕਰੀ 'ਚ ਵੀ ਕਾਫੀ ਨੁਕਸਾਨ ਹੋਇਆ।


Related News