ਮਰਹੂਮ ਮਨਮੀਤ ਅਲੀਸ਼ੇਰ ਦੀ ਬਰਸੀ 'ਤੇ ਭਾਰਤੀ ਅਤੇ ਆਸਟ੍ਰੇਲੀਅਨ ਆਗੂਆਂ ਨੇ ਦਿੱਤੀ ਸ਼ਰਧਾਂਜਲੀ

10/29/2017 11:06:31 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ 'ਚ ਬੀਤੇ ਸਾਲ ਅਕਤੂਬਰ ਮਹੀਨੇ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਬੱਸ ਚਾਲਕ ਮਰਹੂਮ ਮਨਮੀਤ ਸ਼ਰਮਾ ਅਲੀਸ਼ੇਰ ਦੀ ਪਹਿਲੀ ਬਰਸੀ ਸਬੰਧੀ 'ਸ਼੍ਰੀ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਬ੍ਰਿਸਬੇਨ' ਵਿਖੇ ਮਰਹੂਮ ਦੇ ਪਰਿਵਾਰ ਵਲੋਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਭਾਈ ਪਿਆਰਾ ਸਿੰਘ ਸਿਰਥਲਾ ਵਾਲੇ ਦੇ ਜੱਥੇ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਤੇ ਕਥ ਵਿਚਾਰ ਕੀਤੀ ਗਈ। ਇਸ ਸਮਾਗਮ 'ਚ ਭਾਰਤ ਤੋਂ ਉਚੇਚੇ ਤੌਰ 'ਤੇ ਬ੍ਰਿਸਬੇਨ ਪਹੁੰਚੇ ਮਨਜਿੰਦਰ ਸਿੰਘ ਸਿਰਸਾ ਸੀਨੀਅਰ ਅਕਾਲੀ ਆਗੂ ਅਤੇ ਵਿਧਾਇਕ ਦਿੱਲੀ ਨੇ ਆਪਣੇ ਸੰਬੋਧਨ 'ਚ ਇਸ ਬਹੁਤ ਭਿਆਨਕ ਤੇ ਨਿੰਦਣਯੋਗ ਘਟਨਾ 'ਤੇ ਗਹਿਰੀ ਚਿੰਤਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਆਸਟ੍ਰੇਲੀਆਈ ਕਾਨੂੰਨ ਪ੍ਰਣਾਲੀ ਤੋ ਜਲਦੀ ਤੋ ਜਲਦੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ ਇਨਸਾਫ ਦੀ ਅਪੀਲ ਕੀਤੀ ਤੇ ਪਰਿਵਾਰ ਨੂੰ ਭਾਰਤ ਸਰਕਾਰ ਤੋ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।

PunjabKesari

ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਿਲ, ਕੌਂਸਲ ਦੀ ਚੇਅਰਮੈਨ ਏਜਲਾ ਓਵਨ, ਟਾਮ ਬਰਾਊਨ, ਐਨਥਨੀ ਸ਼ੋਰਟਨ ਆਦਿ ਆਗੂਆਂ ਨੇ ਵਿਛੜੀ ਆਤਮਾ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ-ਆਪਣੇ ਸੰਬੋਧਨ 'ਚ ਕਿਹਾ ਕਿ ਪੂਰਾ ਆਸਟ੍ਰੇਲੀਆ ਤੇ ਭਾਰਤੀ ਭਾਈਚਾਰਾ ਇਸ ਦੁੱਖ ਦੀ ਘੜੀ 'ਚ ਪਰਿਵਾਰ ਤੇ ਭਾਈਚਾਰੇ ਦੇ ਨਾਲ ਖੜ੍ਹਾ ਹੈ। ਸਰਕਾਰ ਤੇ ਪ੍ਰਸਾਸ਼ਨ ਵਲੋਂ ਪਰਿਵਾਰ ਨੂੰ ਕਾਨੂੰਨ ਅਨੁਸਾਰ ਬਣਦਾ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ 'ਚ ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਵਲੋਂ ਜਲਦੀ ਇਨਸਾਫ ਲਈ ਗੁਹਾਰ ਲਗਾਈ ਤਾਂ ਜੋ ਪ੍ਰਵਾਸੀਆ ਦਾ ਆਸਟ੍ਰੇਲੀਆ ਦੀ ਨਿਆ ਪ੍ਰਣਾਲੀ ਵਿੱਚ ਵਿਸ਼ਵਾਸ ਹੋਰ ਪੁਖਤਾ ਹੋ ਸਕੇ। ਸਮਾਗਮ ਦੇ ਅੰਤ 'ਚ ਵਿਨਰਜੀਤ ਗੋਲਡੀ ਵਲੋਂ ਮਨਜਿੰਦਰ ਸਿੰਘ ਸਿਰਸਾ, ਬ੍ਰਿਸਬੇਨ ਸਿਟੀ ਕੌਂਸਲ, ਆਸਟ੍ਰੇਲੀਆਈ ਸਰਕਾਰ ਅਤੇ ਸਮੂਹ ਭਾਈਚਾਰਿਆਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਹਰਜਿੰਦਰ ਸਿੰਘ ਰੰਧਾਵਾ ਵਲੋਂ ਨਿਭਾਈ ਗਈ। ਮੈਰਾਥਨ ਦੌੜਾਕ ਰਿਤੇਸ਼ ਮਹਿਰਾ ਵਲੋਂ ਘਟਨਾ ਸਥਾਨ ਤੋਂ ਦੌੜ ਲਗਾ ਕੇ ਮਰਹੂਮ ਨੂੰ ਸਰਧਾਜ਼ਲੀ ਭੇਟ ਕੀਤੀ ਗਈ।

ਮਨਮੀਤ ਪੈਰਾਡਾਇਜ਼ ਪਾਰਕ ਲੋਕ ਅਰਪਿਤ

ਮਰਹੂਮ ਮਨਮੀਤ ਅਲੀਸ਼ੇਰ ਦੇ ਪਿਤਾ ਰਾਮ ਸਰੂਮ, ਮਾਤਾ ਕ੍ਰਿਸ਼ਨਾ ਦੇਵੀ, ਭੈਣ ਅਮਨਦੀਪ ਕੌਰ, ਭੈਣ ਰੁਪਿੰਦਰ ਕੌਰ, ਭਰਾ ਅਮਿਤ ਸ਼ਰਮਾ, ਵਿਨਰਜੀਤ ਸਿੰਘ ਗੋਲਡੀ, ਮਨਜਿੰਦਰ ਸਿੰਘ ਸਿਰਸਾ, ਕੌਂਸਲ ਦੀ ਚੇਅਰਮੈਨ ਏਜਲਾਂ ਓਵਨ, ਲਾਰਡ ਮੇਅਰ ਬ੍ਰਿਸਬੇਨ ਗ੍ਰੈਹਮ ਕੁਰਿਕ ਵਲੋਂ ਪਤਵੰਤਿਆਂ ਦੀ ਹਾਜ਼ਰੀ ਵਿੱਚ ਮਨਮੀਤ ਸ਼ਰਮਾ ਦੀ ਨਿੱਘੀ ਯਾਦ ਨੂੰ ਸਦੀਵੀ ਬਣਾਉਣ ਲਈ ਮਾਰੂਕਾ ਸ਼ਹਿਰ ਵਿਖੇ ਘਟਨਾ ਸਥਾਨ ਦੇ ਨੇੜੇ ਵਾਲੀ ਲਕਸਵਰਥ ਪਲੇਸ ਪਾਰਕ 'ਮਨਮੀਤ ਪੈਰਾਡਾਇਜ਼' ਦੇ ਨਾਮ ਨਾਲ ਸਮਰਪਿਤ ਕਰਕੇ ਲੋਕ ਅਰਪਣ ਕੀਤੀ ਗਈ।ਜਿਸ ਵਿੱਚ ਮਰਹੂਮ ਦੀ ਜੀਵਨੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।ਇਸ ਮੌਕੇ ਤੇ  ਭਾਰਤੀ ਆਨਰੇਰੀ ਕੌਸਲੇਟ ਅਰਚਨਾ ਸਿੰਘ, ਜਸਪਾਲ ਸੰਧੂ, ਪਿੰਕੀ ਸਿੰਘ, ਨਵਦੀਪ ਸਿੰਘ, ਮਨਜੀਤ ਬੋਪਾਰਾਏ, ਸਥਾਨਕ ਸੰਸਦ ਮੈਂਬਰ, ਕੌਂਸਲਰ, ਉੱਚ ਪ੍ਰਸਾਸ਼ਨਿਕ ਅਧਿਕਾਰੀਆ ਤੇ ਵੱਖ-ਵੱਖ ਧਾਰਮਿਕ, ਰਾਜਨੀਤਕ, ਸਾਹਿਤਕ, ਸਮਾਜਿਕ ਸੰਸਥਾਵਾਂ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵਲੋ ਮਰਹੂਮ ਮਨਮੀਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਭਾਵ ਭਿੰਨੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।


Related News