ਭਾਰਤੀ ਮੂਲ ਦੀ 11 ਸਾਲਾ ਅਮਰੀਕੀ ਵਿਦਿਆਰਥਣ ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ ਘੋਸ਼ਿਤ
Tuesday, Aug 03, 2021 - 01:41 PM (IST)
ਵਾਸ਼ਿੰਗਟਨ (ਭਾਸ਼ਾ) : ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਨਤਾਸ਼ਾ ਪੇਰੀ (11) ਨੂੰ ਐਸ.ਏ.ਟੀ. ਅਤੇ ਏ.ਸੀ.ਟੀ. ਮਿਆਰੀ ਪ੍ਰੀਖਿਆਵਾਂ ਵਿਚ ਅਸਾਧਾਰਨ ਪ੍ਰਦਰਸ਼ਨ ਲਈ ਅਮਰੀਕਾ ਦੀ ਇਕ ਪ੍ਰਸਿੱਧ ਯੂਨੀਵਰਸਿਟੀ ਵੱਲੋਂ ਦੁਨੀਆ ਦੇ ਸਭ ਤੋਂ ਹੁਸ਼ਿਆਰ ਵਿਦਿਆਰਥੀਆਂ ਵਿਚੋਂ ਇਕ ਦੇ ਰੂਪ ਵਿਚ ਦਰਜਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬੈਡਮਿੰਟਨ ’ਚ ਭਾਰਤ ਦੀ ਝੋਲੀ ਪਿਆ ਕਾਂਸੀ ਤਮਗਾ, ਹੁਣ ਮੋਦੀ ਨਿਭਾਉਣਗੇ P. V. ਸਿੰਧੂ ਨਾਲ ਕੀਤਾ ਵਾਅਦਾ
ਸਕੂਲੀ ਮੁਲਾਂਕਣ ਪ੍ਰੀਖਿਆ (ਸੈਟ) ਅਤੇ ਅਮਰੀਕੀ ਕਾਲਜ ਪ੍ਰੀਖਿਆ (ਏ.ਸੀ.ਟੀ.) ਦੋਵੇਂ ਹੀ ਮਿਆਰੀ ਪ੍ਰੀਖਿਆਵਾਂ ਹਨ, ਜਿਨ੍ਹਾਂ ਦੇ ਆਧਾਰ ’ਤੇ ਕਈ ਕਾਲਜ ਇਹ ਨਿਰਧਾਰਤ ਕਰਦੇ ਹਨ ਕਿ ਕਿਸੇ ਵਿਦਿਆਰਥੀ ਨੂੰ ਦਾਖ਼ਲਾ ਦੇਣਾ ਹੈ ਜਾਂ ਨਹੀਂ। ਕੁੱਝ ਮਾਮਲਿਆਂ ਵਿਚ ਕੰਪਨੀਆਂ ਅਤੇ ਗੈਰ ਲਾਭਕਾਰੀ ਸੰਗਠਨ ਇਨ੍ਹਾਂ ਅੰਕਾਂ ਦੇ ਆਧਾਰ ’ਤੇ ਮੈਰਿਟ ਆਧਾਰਤ ਸਕਾਲਰਸ਼ਿਪ ਵੀ ਦਿੰਦੇ ਹਨ। ਸਾਰੇ ਕਾਲਜਾਂ ਲਈ ਵਿਦਿਆਰਥੀਆਂ ਦਾ ਜਾਂ ਤਾਂ ਐਸ.ਏ.ਟੀ. ਜਾਂ ਫਿਰ ਏ.ਸੀ.ਟੀ. ਟੈਸਟ ਲੈਣਾ ਜ਼ਰੂਰੀ ਹੁੰਦਾ ਹੈ ਅਤੇ ਉਨ੍ਹਾਂ ਦੇ ਅੰਕ ਸਬੰਧਤ ਯੂਨੀਵਰਸਿਟੀਆਂ ਨੂੰ ਸੌਂਪਣੇ ਹੁੰਦੇ ਹਨ। ਇਕ ਬਿਆਨ ਵਿਚ ਸੋਮਵਾਰ ਨੂੰ ਦੱਸਿਆ ਕਿ ਨਿਊ ਜਰਸੀ ਵਿਚ ‘ਥੇਲਮਾ ਐਲ ਸੈਂਡਮਿਅਰ ਐਲੀਮੈਂਟਰੀ’ ਸਕੂਲ ਦੀ ਵਿਦਿਆਰਥਣ, ਪੇਰੀ ਨੂੰ ਜੌਨਸ ਹਾਪਕਿਨਸ ਟੈਲੇਂਟਡ ਯੂਥ ਟੈਲੇਂਟ ਕੇਂਦਰ (ਵੀ.ਟੀ.ਵਾਈ.) ਤਹਿਤ ਐਸ.ਏ.ਟੀ., ਏ.ਸੀ.ਟੀ. ਜਾਂ ਇਸੇ ਤਰ੍ਹਾਂ ਦੇ ਮੁਲਾਂਕਣ ਵਿਚ ਉਨ੍ਹਾਂ ਦੇ ਅਸਾਧਾਰਨ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ ਹੈ।
ਉਹ 84 ਦੇਸ਼ਾਂ ਦੇ ਲੱਗਭਗ 19000 ਵਿਦਿਆਰਥੀਆਂ ਵਿਚੋਂ ਇਕ ਸੀ, ਜੋ 2020-21 ਟੈਲੇਂਟ ਖੋਜ ਸਾਲ ਵਿਚ ਸੀ.ਟੀ.ਵਾਈ. ਵਿਚ ਸ਼ਾਮਲ ਹੋਈ ਸੀ। ਸੀ.ਟੀ.ਵਾਈ. ਦੁਨੀਆ ਭਰ ਦੇ ਹੋਣਹਾਰ ਵਿਦਿਆਰਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਅਸਲ ਅਕਾਦਮਿਕ ਯੋਗਤਾਵਾਂ ਦੀ ਇਕ ਸਪਸ਼ਟ ਤਸਵੀਰ ਪ੍ਰਦਾਨ ਕਰਨ ਲਈ ‘ਅਬਵ ਗ੍ਰੇਡ ਲੈਵਲ’ ਪ੍ਰੀਖਿਆ ਆਯੋਜਿਤ ਕਰਦਾ ਹੈ। ਪੇਰੀ ਨੇ 2021 ਵਿਚ ਇਹ ਪ੍ਰੀਖਿਆ ਦਿੱਤੀ ਸੀ ਜਦੋਂ ਉਹ 5ਵੀਂ ਕਲਾਸ ਵਿਚ ਸੀ। ਉਹ ‘ਜੌਨਸ ਹਾਪਕਿਨਜ਼ ਸੀ.ਟੀ. ਵਾਈ.’ ਦੇ ‘ਉਚ ਸਨਮਾਨ ਪੁਰਸਕਾਰ’ ਵਿਚ ਜਗ੍ਹਾ ਬਣਾਉਣ ਵਿਚ ਸਫ਼ਲ ਰਹੀ। ਪੇਰੀ ਨੇ ਕਿਹਾ, ‘ਇਹ ਮੈਨੂੰ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰਦਾ ਹੈ।’ ਨਾਲ ਹੀ ਕਿਹਾ ਕਿ ਡੂਡਲ ਬਣਾਉਣ ਅਤੇ ਜੇ.ਆਰ.ਆਰ. ਟੋਲਕਿਨ ਦੇ ਨਾਵਲ ਪੜ੍ਹਨ ਨਾਲ ਉਨ੍ਹਾਂ ਨੂੰ ਮਦਦ ਮਿਲੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।