ਪਾਕਿ ਨੂੰ ਸਤਾ ਰਿਹੈ ਭਾਰਤ ਦਾ ਡਰ, ''ਕਿਤੇ ਕਰ ਨਾ ਦੇਵੇ ਹਮਲਾ''

2/14/2020 3:20:53 PM

ਇਸਲਾਮਾਬਾਦ- ਪਾਕਿਸਤਾਨ ਵਿਚ ਇਕ ਵਾਰ ਮੁੜ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਫਾਰੁਕੀ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਭਾਰਤੀ ਫੌਜ ਪਾਕਿਸਤਾਨ 'ਤੇ ਵੱਡੀ ਕਾਰਵਾਈ ਕਰ ਸਕਦੀ ਹੈ। ਹਾਲਾਂਕਿ ਬੁਲਾਰੇ ਨੇ ਇਸ ਕਾਰਵਾਈ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਇਹ ਬਿਆਨ ਅਜਿਹੇ ਵੇਲੇ ਵਿਚ ਦਿੱਤਾ ਹੈ ਜਦੋਂ ਤੁਰਕੀ ਦੇ ਰਾਸ਼ਟਰਪਤੀ ਪਾਕਿਸਤਾਨ ਦੀ ਯਾਤਰਾ 'ਤੇ ਹਨ ਤੇ ਉਧਰ 24 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੀ ਯਾਤਰਾ 'ਤੇ ਆਉਣ ਵਾਲੇ ਹਨ। ਅਜਿਹੇ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦਾ ਇਹ ਬਿਆਨ ਹੈਰਾਨ ਕਰਨ ਵਾਲਾ ਤੇ ਗੈਰ-ਜ਼ਿੰਮੇਦਾਰਾਨਾ ਹੈ।

ਬੁਲਾਰੇ ਨੇ ਦਿੱਤੀ ਧਮਕੀ
ਪਾਕਿਸਤਾਨੀ ਬੁਲਾਰੇ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਤੁਰਕੀ ਦੇ ਰਾਸ਼ਟਰਪਤੀ ਰਿਸੇਪ ਤੈਯਪ ਅਦ੍ਰੋਗਾਨ ਪਾਕਿਸਤਾਨ ਦੇ ਦੌਰੇ 'ਤੇ ਹਨ। ਇਸ ਦੌਰਾਨ ਭਾਰਤ ਇਹ ਕਦਮ ਚੁੱਕ ਸਕਦਾ ਹੈ। ਅਜਿਹੇ ਬਿਆਨਾਂ ਨਾਲ ਪਾਕਿਸਤਾਨੀ ਮੰਤਰੀ ਆਪਣੇ ਦੇਸ਼ ਵਿਚ ਭਾਰਤ ਦੇ ਖਿਲਾਫ ਇਕ ਵੱਖਰਾ ਮਾਹੌਲ ਖੜ੍ਹਾ ਕਰ ਰਹੇ ਹਨ। ਪਾਕਿਸਤਾਨੀ ਬੁਲਾਰੇ ਨੇ ਧਮਕੀ ਦਿੱਤੀ ਹੈ ਕਿ ਜੇਕਰ ਭਾਰਤ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਕੀਤੀ ਤਾਂ ਪਾਕਿਸਤਾਨ ਇਸ ਦਾ ਜਵਾਬ ਦੇਵੇਗਾ। ਬੁਲਾਰੇ ਨੇ ਕਿਹਾ ਕਿ ਤੁਰਕੀ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦੇ ਸਟੈਂਡ ਦਾ ਸਮਰਥਨ ਕਰਦਾ ਰਿਹਾ ਹੈ। ਇਹ ਗੱਲ ਭਾਰਤ ਨੂੰ ਚੰਗੀ ਨਹੀਂ ਲੱਗਦੀ।

ਬੁਲਾਰੇ ਨੇ ਭਾਰਤ ਤੇ ਅਮਰੀਕਾ ਦੀ ਉਸ ਫੌਜੀ ਡੀਲ ਦਾ ਵੀ ਵਿਰੋਧ ਕੀਤਾ, ਜਿਸ ਦੇ ਤਹਿਤ ਭਾਰਤ ਨੂੰ ਏਅਰ ਡਿਫੈਂਸ ਸਿਸਟਮ ਦਿੱਤੇ ਜਾਣ ਦੀ ਮਨਜ਼ੂਰੀ ਮਿਲੀ ਹੈ। ਬੁਲਾਰੇ ਨੇ ਕਿਹਾ ਕਿ ਇਸ ਨਾਲ ਦੱਖਣੀ ਏਸ਼ੀਆ ਵਿਚ ਇਕ ਵਾਰ ਮੁੜ ਹਥਿਆਰਾਂ ਦੀ ਹੌੜ ਸ਼ੁਰੂ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ 18 ਅਰਬ ਡਾਲਰ ਵਿਚ ਏਅਰ ਡਿਫੈਂਸ ਸਿਸਟਮ ਵੇਚਣ ਦੀ ਮਨਜ਼ੂਰੀ ਦਿੱਤੀ ਹੈ।

ਰੂਸ ਨਾਲ ਐਸ-400 ਮਿਜ਼ਾਇਲ ਸਿਸਟਮ ਦਾ ਸੌਦਾ
ਇਸ ਤੋਂ ਪਹਿਲਾਂ ਰੂਸ ਦੇ ਨਾਲ ਵੀ ਭਾਰਤ ਨੇ ਐਸ-400 ਮਿਜ਼ਾਇਲ ਸਿਸਟਮ ਦਾ ਸੌਦਾ ਕੀਤਾ ਸੀ। ਇਸ 'ਤੇ ਅਮਰੀਕਾ ਨੇ ਇਤਰਾਜ਼ ਜਤਾਇਆ ਸੀ ਪਰ ਭਾਰਤ ਆਪਣੇ ਫੈਸਲੇ 'ਤੇ ਅੜਿਆ ਰਿਹਾ। ਇਹ ਮਿਜ਼ਾਇਲ ਸਿਸਟਮ 380 ਕਿਲੋਮੀਟਰ ਦੀ ਰੇਂਜ ਵਿਚ ਜੈੱਟਸ, ਜਾਸੂਸੀ ਜਹਾਜ਼ਾਂ, ਮਿਜ਼ਾਇਲਾਂ ਤੇ ਡਰੋਨਾਂ ਦੀ ਨਿਸ਼ਾਨਦੇਹੀ ਕਰ ਉਹਨਾਂ ਨੂੰ ਨਸ਼ਟ ਕਰ ਸਕਦਾ ਹੈ।


Baljit Singh

Edited By Baljit Singh