ਭਾਰਤ ਨੇ ਨੇਪਾਲ ਨੂੰ ਦਿੱਤਾ 2.41 ਕਰੋੜ ਦੀ ਲਾਗਤ ਵਾਲਾ ਸਕੂਲ ਕੰਪਲੈਕਸ
Saturday, Sep 28, 2019 - 08:54 PM (IST)

ਕਾਠਮੰਡੂ— ਭਾਰਤ ਨੇ ਨੇਪਾਲ ਸਰਕਾਰ ਨੂੰ 2.41 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਸਕੂਲ ਕੰਪਲੈਕਸ ਸੌਂਪ ਦਿੱਤਾ ਹੈ, ਜੋ ਇਥੋਂ ਦੇ ਵਾਂਝੇ ਵਰਗਾਂ ਦੇ ਵਿਦਿਆਰਥੀਆਂ ਦੇ ਲਈ ਸਿੱਖਣ ਦੇ ਮਾਹੌਲ ਨੂੰ ਵਧਾਏਗਾ। ਕਾਠਮੰਡੂ ਦੇ ਕੁਲੇਸ਼ਵਰ ਹਾਊਸਿੰਗ ਸੈਕੰਡਰੀ ਸਕੂਲ ਦੇ ਨਵੇਂ ਭਵਨ ਦਾ ਉਦਘਾਟਨ ਇਥੇ ਭਾਰਤੀ ਦੂਤਘਰ 'ਚ ਮਿਸ਼ਨ ਦੇ ਉਪ ਮੁਖੀ ਅਜੈ ਕੁਮਾਰ ਨੇ ਨੇਪਾਲ ਸਰਕਾਰ ਦੇ ਕਈ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਕੀਤਾ।
ਕੁਲੇਸ਼ਵਰ ਹਾਊਸਿੰਗ ਸੈਕੰਡਰੀ ਸਕੂਲ ਦੀ ਸਥਾਪਨਾ 1989 'ਚ ਹੋਈ ਸੀ। ਇਸ 'ਚ ਫਿਲਹਾਲ 800 ਵਿਦਿਆਰਥੀ ਪੜਾਈ ਕਰਦੇ ਹਨ ਤੇ ਇਹ ਸਕੂਲ ਭਾਈਚਾਰੇ ਦੇ ਸਹਿਯੋਗ ਨਾਲ ਚੱਲਦਾ ਹੈ। ਇਸ ਸਕੂਲ 'ਚ 50 ਫੀਸਦੀ ਤੋਂ ਜ਼ਿਆਦਾ ਵਿਦਿਆਰਥਣਾਂ ਹਨ ਤੇ ਜ਼ਿਆਦਾਤਰ ਵਿਦਿਆਰਥੀ ਪਿੱਛੜੇ ਵਰਗ ਦੇ ਹਨ। ਭਾਰਤੀ ਦੂਤਘਰ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਕਿ ਸਕੂਲ ਦੀ ਨਵੀਂ ਇਮਾਰਤ ਤਿੰਨ ਮੰਜ਼ਿਲਾਂ ਢਾਂਚਾ ਹੈ, ਜਿਸ 'ਚ 20 ਕਲਾਸਾਂ ਹਨ। ਹਰੇਕ ਫਲੋਰ 'ਤੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਲਈ ਵੱਖ-ਵੱਖ ਪਖਾਨੇ, ਪਾਣੀ ਦੀ ਟੰਕੀ ਤੇ ਫਰਨੀਚਰ ਹੈ। ਭਾਰਤ ਨੇ ਹਾਲ ਹੀ 'ਚ ਨੇਪਾਲ ਸਰਕਾਰ ਨੂੰ ਵੱਖ-ਵੱਖ ਕੰਪਲੈਕਸਾਂ ਲਈ 233 ਕਰੋੜ ਰੁਪਏ ਮੁਹੱਈਆ ਕਰਵਾਏ ਹਨ। ਇਨ੍ਹਾਂ 'ਚ 2015 'ਚ ਆਏ ਭੂਚਾਲ ਨਾਲ ਤਬਾਹ ਹੋਏ ਘਰਾਂ ਤੇ ਸੜਕਾਂ ਦਾ ਪੁਨਰਨਿਰਮਾਣ ਵੀ ਸ਼ਾਮਲ ਹੈ। ਇਹ ਫੈਸਲਾ ਨੇਪਾਲ-ਭਾਰਤ ਸੰਯੁਕਤ ਕਮਿਸ਼ਨ ਦੀ 5ਵੀਂ ਬੈਠਕ ਦੌਰਾਨ ਲਿਆ ਗਿਆ ਸੀ। ਇਸ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਸ਼ਾਮਲ ਹੋਏ ਸਨ।