ਭਾਰਤ-ਚੀਨ ਵਿਚਾਲੇ ਅੱਜ ਹੋਵੇਗੀ 18ਵੀਂ WMCC ਬੈਠਕ
Thursday, Aug 20, 2020 - 01:17 PM (IST)
 
            
            ਬੀਜਿੰਗ (ਬਿਊਰੋ): ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਜਾਰੀ ਹੈ। ਇਸ ਵਿਚ ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਵਿਚਾਰ ਵਟਾਂਦਰੇ ਅਤੇ ਤਾਲਮੇਲ ਦੇ ਲਈ ਕਾਰਜਕਾਰੀ ਸਿਸਟਮ (Working Mechanism for Consultation and Coordination, WMCC) ਦੀ ਬੈਠਕ ਅੱਜ ਭਾਵ ਵੀਰਵਾਰ ਨੂੰ ਹੋਵੇਗੀ। ਅਸਲ ਵਿਚ ਇਹ ਬੈਠਕ ਦੋਹਾਂ ਦੇਸ਼ਾਂ ਦੀ ਸਰਹੱਦੀ 'ਵਾਸਤਵਿਕ ਕੰਟਰੋਲ ਰੇਖਾ (LAC)' ਤੋਂ ਫੌਜਾਂ ਨੂੰ ਹਟਾਉਣ ਅਤੇ ਉੱਥੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਜਾਰੀ ਵਾਰਤਾ ਦਾ ਇਕ ਹਿੱਸਾ ਹੈ। ਇਸ ਵਾਰਤਾ ਦਾ ਉਦੇਸ਼ ਪੂਰਬੀ ਲੱਦਾਖ ਵਿਚ ਬੀਤੀ ਮਈ ਮਹੀਨੇ ਤੋਂ ਜਾਰੀ ਸਰਹੱਦੀ ਗਤੀਰੋਧ ਨੂੰ ਖਤਮ ਕਰਨਾ ਹੈ। ਇਸ ਦੇ ਤਹਿਤ ਸੀਮਾ 'ਤੇ ਤਾਇਨਾਤ ਫੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ 'ਤੇ ਗੱਲਬਾਤ ਹੋਵੇਗੀ ਤਾਂ ਜੋ ਦੋਹਾਂ ਦੇਸ਼ਾਂ ਦੇ ਵਿਚ ਸ਼ਾਂਤੀ ਬਹਾਲੀ ਹੋ ਸਕੇ। ਇਹ ਵਾਰਤਾ ਵਰਚੁਅਲੀ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਭਾਰਤੀ ਵਿਦਿਆਰਥੀ ਆਰਥਿਕ ਤੰਗੀ ਦੇ ਸ਼ਿਕਾਰ
WMCC ਦੀ 17ਵੀਂ ਬੈਠਕ ਪਿਛਲੇ ਮਹੀਨੇ ਹੋਈ, ਜਿਸ ਵਿਚ ਦੋਹਾਂ ਦੇਸ਼ਾਂ ਦੇ ਵਿਚ ਸਰੱਹਦ 'ਤੇ ਤਣਾਅ ਘੱਟ ਕਰਨ ਅਤੇ ਫੌਜਾਂ ਨੂੰ ਹਟਾਉਣ ਸਬੰਧੀ ਸਹਿਮਤੀ ਬਣੀ ਸੀ। ਇਹ ਸਹਿਮਤੀ ਦੋ-ਪੱਖੀ ਸਮਝੌਤੇ ਅਤੇ ਪ੍ਰੋਟੋਕਾਲ ਦੇ ਆਧਾਰ 'ਤੇ ਹੋਈ ਤਾਂ ਜੋ ਦੋਹਾਂ ਦੇਸ਼ਾਂ ਦੇ ਵਿਚ ਸ਼ਾਂਤੀਪੂਰਨ ਸੰਬੰਧ ਬਹਾਲ ਹੋ ਸਕਣ। ਇਸ ਤੋਂ ਪਹਿਲਾਂ 24 ਜੁਲਾਈ ਨੂੰ ਹੋਈ WMCC ਵਾਰਤਾ ਵਿਚ ਚੀਨੀ ਪੱਖ ਦੀ ਅਗਵਾਈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਹਿਤ ਆਉਣ ਵਾਲੇ ਸੀਮਾ ਤੇ ਸਮੁੰਦਰੀ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਹੋਂਗ ਲਿਆਂਗ ਨੇ ਕੀਤੀ ਸੀ। ਇਸ ਦੇ ਬਾਅਦ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਦੋਵੇਂ ਦੇਸ਼ ਦੋ-ਪੱਖੀ ਸਮਝੌਤੇ ਅਤੇ ਪ੍ਰੋਟੋਕਾਲ ਦੇ ਆਧਾਰ 'ਤੇ ਸਰਹੱਦ ਤੋਂ ਫੌਜੀਆਂ ਨੂੰ ਤੇਜ਼ੀ ਨਾਲ ਹਟਾਉਣ ਸਬੰਧੀ ਸਹਿਮਤ ਹਨ। ਇੱਥੇ ਦੱਸ ਦਈਏ ਕਿ 2 ਅਗਸਤ ਨੂੰ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚ ਕੋਰ ਕਮਾਂਡਰ ਪੱਧਰ ਦੀ 5ਵੇਂ ਦੌਰ ਦੀ ਵਾਰਤਾ ਹੋਈ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            