ਚੀਨ ਤੋਂ ਵਿਦੇਸ਼ੀ ਨਿਵੇਸ਼ ਨਾਲ ਗਲੋਬਲ ਸਪਲਾਈ ਚੇਨ ’ਚ ਹਿੱਸੇਦਾਰੀ ਵਧਾ ਸਕਦਾ ਹੈ ਭਾਰਤ
Tuesday, Jul 23, 2024 - 05:03 PM (IST)

ਨਵੀਂ ਦਿੱਲੀ (ਭਾਸ਼ਾ) – ਭਾਵੇਂ ਹੀ ਭਾਰਤ ਨਾਲ ਸਿਆਸੀ ਰਿਸ਼ਤੇ ਕਿਹੋ-ਜਿਹੇ ਵੀ ਹੋਣ ਪਰ ਮੌਜੂਦਾ ਸਮੇਂ ’ਚ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਰਿਸ਼ਤੇ ਵਿਗੜੇ ਨਹੀਂ ਹਨ। ਗਲਵਾਨ ਵਾਦੀ ’ਚ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਤੋਂ ਬਾਅਦ ਵੀ ਭਾਰਤ ਚੀਨ ਤੋਂ ਸਾਮਾਨ ਦਰਾਮਦ ਕਰਦਾ ਰਿਹਾ ਹੈ।
ਹਰ ਸਾਲ ਦਰਾਮਦ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਸਾਰੀਆਂ ਪਾਬੰਦੀਆਂ ਤੋਂ ਬਾਅਦ ਵੀ ਇਸ ਇੰਪੋਰਟ ’ਚ ਕੋਈ ਗਿਰਾਵਟ ਦੇਖਣ ਨੂੰ ਨਹੀਂ ਮਿਲੀ ਹੈ। ਇਥੋਂ ਤੱਕ ਕਿ ਭਾਰਤ ਦਾ ਵਪਾਰ ਘਾਟਾ ਵੀ ਵਧ ਰਿਹਾ ਹੈ। ਅਜਿਹੇ ’ਚ ਭਾਰਤ ਨੇ ਇਕ ਅਜਿਹਾ ਪਲਾਨ ਬਣਾਇਆ ਹੈ, ਜਿਸ ਨਾਲ ਚੀਨ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾ ਸਕੇ। ਇਸ ਦੀ ਪਲਾਨਿੰਗ ਵੀ ਭਾਰਤ ਸਰਕਾਰ ਨੇ ਇਕੋਨਾਮਿਕ ਸਰਵੇ ’ਚ ਪੇਸ਼ ਕਰ ਦਿੱਤੀ ਹੈ।
ਸੰਸਦ ’ਚ ਸੋਮਵਾਰ ਨੂੰ ਪੇਸ਼ ਇਕੋਨਾਮਿਕ ਸਰਵੇ ’ਚ ਕਿਹਾ ਗਿਆ ਕਿ ਚੀਨ ਤੋਂ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਵਧਣ ਨਾਲ ਭਾਰਤ ਦੀ ਗਲੋਬਲ ਸਪਲਾਈ ਚੇਨ ’ਚ ਹਿੱਸੇਦਾਰੀ ਅਤੇ ਬਰਾਮਦ ਨੂੰ ਉਤਸ਼ਾਹ ਦੇਣ ’ਚ ਮਦਦ ਮਿਲ ਸਕਦੀ ਹੈ।
ਸਰਵੇ ਦੇ ਅਨੁਸਾਰ ਭਾਰਤ ਗਲੋਬਲ ਮੁੱਲ ਲੜੀਆਂ (ਜੀ. ਵੀ. ਸੀ.)’ਚ ਆਪਣੀ ਹਿੱਸੇਦਾਰੀ ਨੂੰ ਵਧਾਉਣਾ ਚਾਹੁੰਦਾ ਹੈ, ਇਸ ਲਈ ਉਸ ਨੂੰ ਪੂਰਬੀ ਏਸ਼ੀਆ ਦੀਆਂ ਅਰਥਵਿਵਸਥਾਵਾਂ ਦੀਆਂ ਸਫਲਤਾਵਾਂ ਤੇ ਰਣਨੀਤੀਆਂ ’ਤੇ ਵੀ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਅਰਥਵਿਵਸਥਾਵਾਂ ਨੇ ਆਮ ਤੌਰ ’ਤੇ 2 ਮੁੱਖ ਰਣਨੀਤੀਆਂ ਦੀ ਨਕਲ ਕੀਤੀ ਹੈ, ਪਹਿਲੀ ਵਪਾਰ ਲਾਗਤ ਨੂੰ ਘੱਟ ਕਰਨਾ ਅਤੇ ਦੂਜੀ ਵਿਦੇਸ਼ੀ ਨਿਵੇਸ਼ ਨੂੰ ਸਰਲ ਬਣਾਉਣਾ।
ਇਸ ’ਚ ਕਿਹਾ ਗਿਆ ਕਿ ਭਾਰਤ ਕੋਲ ਚੀਨ ਪਲੱਸ ਵਨ ਰਣਨੀਤੀ ਤੋਂ ਲਾਭ ਉਠਾਉਣ ਲਈ 2 ਬਦਲ ਹਨ ਜਾਂ ਤਾਂ ਉਹ ਚੀਨ ਦੀ ਸਪਲਾਈ ਲੜੀ ’ਚ ਸ਼ਾਮਲ ਹੋ ਜਾਵੇ ਜਾਂ ਫਿਰ ਚੀਨ ਤੋਂ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰੇ।
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਸੰਸਦ ’ਚ ਪੇਸ਼ ਆਰਥਿਕ ਸਮੀਖਿਆ 2023-24 ’ਚ ਕਿਹਾ ਗਿਆ ਹੈ ਕਿ ਇਨ੍ਹਾਂ ਬਦਲਾਂ ’ਚੋਂ ਚੀਨ ਤੋਂ ਐੱਫ. ਡੀ. ਆਈ. ’ਤੇ ਧਿਆਨ ਦੇਣਾ ਅਮਰੀਕਾ ਨੂੰ ਭਾਰਤ ਦੇ ਐਕਸਪੋਰਟ ਨੂੰ ਵਧਾਉਣ ਲਈ ਜ਼ਿਆਦਾ ਉਮੀਦਜਨਕ ਲੱਗਦਾ ਹੈ ਜਿਵੇਂ ਕਿ ਪੂਰਬ ’ਚ ਪੂਰਬੀ ਏਸ਼ੀਆਈ ਅਰਥਵਿਵਸਥਾਵਾਂ ਨੇ ਕੀਤਾ ਸੀ।