ਇਟਲੀ 'ਚ ਬੱਚਿਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਵਿੱਚ ਚੋਖਾ ਵਾਧਾ, ਅੱਧ ਤੋਂ ਵੱਧ ਵਿਦੇਸ਼ੀ ਬੱਚੇ ਲਾਪਤਾ

Sunday, May 28, 2023 - 12:35 AM (IST)

ਰੋਮ (ਦਲਵੀਰ ਕੈਂਥ, ਟੇਕ ਚੰਦ) : ਪਿਛਲੇ 3 ਦਹਾਕਿਆਂ ਤੋਂ ਇਟਲੀ ਦੀ ਨੌਜਵਾਨ ਪੀੜ੍ਹੀ ਵਿਆਹ ਕਰਵਾਉਣ ਤੋਂ ਕੰਨੀ ਕਤਰਾਉਂਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਇਟਲੀ ਦੀ ਆਬਾਦੀ ਲਗਾਤਾਰ ਗਿਰਾਵਟ ਵੱਲ ਹੈ। ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ, ਜਿੱਥੇ ਬੱਚਿਆਂ ਦੀ ਜਨਮ ਦਰ ਘੱਟ ਤੇ ਮੌਤ ਦਰ ਵੱਧ ਹੈ। ਸੰਨ 2022 ਦੀ ਹੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਵਿੱਚ 3,92,598 ਬੱਚਿਆਂ ਦੇ ਜਨਮ ਦੀ ਰਜਿਸ਼ਟ੍ਰੇਸ਼ਨ ਹੋਈ, ਜਦੋਂ ਕਿ ਮੌਤਾਂ ਦਾ ਅੰਕੜਾ 7,13,499 ਹੈ। ਇੱਥੇ ਇਕ ਹੋਰ ਦੁਖਾਂਤ ਦੇਖਣ ਨੂੰ ਮਿਲ ਰਿਹਾ ਹੈ, ਜਿਸ ਅਨੁਸਾਰ ਸੰਨ 2022 ਵਿੱਚ 17,130 ਬੱਚੇ ਇਟਲੀ ਭਰ 'ਚ ਲਾਪਤਾ ਹੋਣ ਦੇ ਕੇਸ ਦਰਜ ਹੋਏ, ਜਿਨ੍ਹਾਂ 'ਚੋਂ 14,410 ਬੱਚਿਆਂ ਦੀ ਉਮਰ ਸਿਰਫ਼ 15 ਤੋਂ 17 ਸਾਲ ਦੇ ਵਿਚਕਾਰ ਹੈ।

ਇਹ ਵੀ ਪੜ੍ਹੋ : PM ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਰਾਹੁਲ ਗਾਂਧੀ ਕਰਨਗੇ ਨਿਊਯਾਰਕ 'ਚ ਰੈਲੀ ਨੂੰ ਸੰਬੋਧਨ

ਇਸ ਅੰਕੜੇ ਵਿੱਚ 3 ਚੌਥਾਈ ਤੋਂ ਵੱਧ ਵਿਦੇਸ਼ੀ ਨਾਬਾਲਗ ਬੱਚੇ ਸ਼ਾਮਲ ਹਨ। ਸਾਲ 2022 'ਚ ਲਾਪਤਾ ਹੋਣ ਵਾਲੇ ਵਿਦੇਸ਼ੀ ਬੱਚਿਆਂ ਦੀ ਗਿਣਤੀ ਵਿੱਚ ਪਿਛਲੇ ਸਾਲਾਂ ਨਾਲੋਂ 47.9% ਦਾ ਵਾਧਾ ਹੋਇਆ ਹੈ, ਜਦੋਂ ਕਿ ਇਟਾਲੀਅਨ ਬੱਚਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਵਿੱਚ 24.2% ਵਾਧਾ ਹੋਇਆ। ਲਾਪਤਾ ਹੋਣ ਦੀ ਰਿਪੋਰਟ ਕੀਤੇ ਗਏ ਵਿਦੇਸ਼ੀ ਬੱਚਿਆਂ 'ਚੋਂ 43.6% ਮਿਸਰੀ ਜਾਂ ਟਿਊਨੀਸ਼ੀਅਨ 91.3% ਪੁਰਸ਼ ਸਨ, ਜਦੋਂ ਕਿ ਅੰਕੜੇ 'ਚ ਲਾਪਤਾ ਬੱਚਿਆਂ 'ਚੋਂ  0.54% ਯੂਕ੍ਰੇਨ ਦੇ ਸਨ। ਇੱਥੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਕਿ ਲਾਪਤਾ ਹੋਏ ਬੱਚਿਆਂ 'ਚੋਂ ਇਟਾਲੀਅਨ ਬੱਚਿਆਂ ਦੇ ਲੱਭੇ ਜਾਣ ਦੀ ਸੰਭਾਵਨਾ ਵੱਧ ਹੈ। ਸਾਲ 2023 ਦੇ ਪਹਿਲੇ 4 ਮਹੀਨਿਆਂ ਵਿੱਚ 5,908 ਬੱਚੇ ਲਾਪਤਾ ਹੋਏ, ਜਿਨ੍ਹਾਂ 'ਚ ਨਾਬਾਲਗ ਬੱਚੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ...ਜਦੋਂ ਬਿਨਾਂ ਕੱਪੜਿਆਂ ਦੇ ਮੰਦਰ 'ਚ ਦਾਖਲ ਹੋਈ ਔਰਤ, ਕਰਨ ਲੱਗੀ ਅਜੀਬੋ-ਗਰੀਬ ਹਰਕਤਾਂ, ਮਚੀ ਹਫੜਾ-ਦਫੜੀ

ਇਸ ਅੰਕੜੇ ਵਿੱਚ 1,319 ਬੱਚੇ ਇਟਾਲੀਅਨ ਤੇ 4,589 ਬੱਚੇ ਵਿਦੇਸ਼ੀ ਹਨ। ਇਟਲੀ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ 'ਚ ਹੋ ਰਿਹਾ ਵਾਧਾ ਜਿੱਥੇ ਪੁਲਸ ਪ੍ਰਸ਼ਾਸਨ ਲਈ ਸਿਰਦਰਦੀ ਬਣ ਰਿਹਾ ਹੈ, ਉੱਥੇ ਵਿਦੇਸ਼ੀ ਮਾਪਿਆਂ ਦੀਆਂ ਚਿੰਤਾਵਾਂ ਵਿੱਚ ਵੀ ਚੋਖਾ ਵਾਧਾ ਕਰਦਾ ਹੈ ਕਿਉਂਕਿ ਇਟਲੀ ਵਿੱਚ ਇਕ ਵਾਰ ਗੁਆਚਿਆ ਬੱਚਾ ਲੱਭਣਾ ਕੋਈ ਸੌਖਾ ਕੰਮ ਨਹੀਂ ਹੈ। ਅਜਿਹੇ 'ਚ ਪ੍ਰਸ਼ਾਸਨ ਵੀ ਵਿਦੇਸ਼ੀਆਂ ਦੀਆਂ ਭਾਵਨਾਵਾਂ ਨੂੰ ਘੱਟ ਹੀ ਮਹਿਸੂਸ ਕਰਦਾ ਹੈ। ਬਹੁਤ ਸਾਰੇ ਅਜਿਹੇ ਕੇਸ ਵੀ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਵਿੱਚ ਭਾਰਤੀ ਨੌਜਵਾਨ ਵੀ ਗੁੰਮ ਹੋ ਜਾਂਦੇ ਹਨ ਤੇ ਬਹੁਤਿਆਂ ਦੀ ਕੋਈ ਉੱਘ-ਸੁੱਘ ਨਹੀਂ। ਕਈ ਕੇਸਾਂ ਵਿੱਚ ਘਰਵਾਲੇ ਵਿਚਾਰੇ ਇਟਲੀ ਦੇ ਥਾਣਿਆਂ ਦੇ ਚੱਕਰ ਲਗਾ-ਲਗਾ ਥੱਕ ਜਾਂਦੇ ਹਨ ਪਰ ਉਨ੍ਹਾਂ ਉੱਪਰ ਪਿਆ ਮੁਸੀਬਤ ਦਾ ਚੱਕਰ ਨਹੀਂ ਲਹਿੰਦਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News