ਰੂਸ ''ਚ ਕੋਵਿਡ-19 ਨਾਲ ਇੱਕ ਦਿਨ ਵਿੱਚ ਹੋਣ ਵਾਲੀਆਂ ਮੌਤਾਂ ਦਾ ਟੁੱਟਿਆ ਰਿਕਾਰਡ, 1064 ਨੇ ਗੁਆਈ ਜਾਨ
Friday, Oct 22, 2021 - 08:23 PM (IST)
ਮਾਸਕੋ - ਰੂਸ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ 1,064 ਲੋਕਾਂ ਦੀ ਮੌਤ ਹੋਈ ਜੋ ਮਹਾਮਾਰੀ ਦੌਰਾਨ ਇੱਕ ਦਿਨ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਸਰਕਾਰ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟੇ ਦੌਰਾਨ ਕੋਵਿਡ-19 ਦੇ 37,141 ਨਵੇਂ ਮਾਮਲੇ ਆਏ। ਰੂਸ ਵਿੱਚ ਸ਼ੁੱਕਰਵਾਰ ਨੂੰ ਹੋਈ 1,064 ਲੋਕਾਂ ਦੀ ਮੌਤ ਨਾਲ ਮਹਾਮਾਰੀ ਨਾਲ ਦੇਸ਼ ਵਿੱਚ ਜਾਨ ਗੁਆਉਣ ਵਾਲਿਆਂ ਦੀ ਕੁਲ ਗਿਣਤੀ 2,28,453 ਹੋ ਗਈ ਹੈ, ਜੋ ਯੂਰੋਪ ਵਿੱਚ ਸਭ ਤੋਂ ਜ਼ਿਆਦਾ ਹੈ। ਰੂਸ ਵਿੱਚ ਕੋਵਿਡ-19 ਦੀ ਖ਼ਰਾਬ ਹੁੰਦੀ ਸਥਿਤੀ ਦੇ ਮੱਦੇਨਜ਼ਰ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 30 ਅਕਤੂਬਰ ਤੋਂ ਸੱਤ ਨਵੰਬਰ ਤੱਕ ਛੁੱਟੀ ਦਾ ਐਲਾਨ ਕੀਤਾ ਹੈ। ਰੂਸ ਵਿੱਚ ਪਹਿਲਾਂ ਹੀ ਵਿਸਥਾਰਿਤ ਛੁੱਟੀ ਚੱਲ ਰਹੀ ਹੈ। ਰੂਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਇਨਫੈਕਸ਼ਨ ਦੇ ਫੈਲਾਅ ਨੂੰ ਨਿਅੰਤਰਿਤ ਕਰਨ ਵਿੱਚ ਮਦਦ ਮਿਲੇਗੀ। ਸਰਕਾਰ ਨੇ ਸਥਾਨਕ ਅਧਿਕਾਰੀਆਂ ਨੂੰ ਆਪਣੇ ਪੱਧਰ 'ਤੇ ਵੀ ਪਾਬੰਦੀਆਂ ਨੂੰ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਸ ਵਿੱਚ ਪਿਛਲੇ ਕੁੱਝ ਹਫਤਿਆਂ ਤੋਂ ਰੋਜ਼ਾਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਪਿਛਲੇ ਹਫਤੇ ਪਹਿਲੀ ਵਾਰ ਮੌਤਾਂ ਦੀ ਗਿਣਤੀ ਇੱਕ ਹਜ਼ਾਰ ਦੇ ਪਾਰ ਚੱਲੀ ਗਈ ਸੀ। ਰੂਸ ਵਿੱਚ ਟੀਕਾਕਰਨ ਦੀ ਦਰ ਘੱਟ ਹੈ। ਰੂਸ ਦੀ 14.6 ਕਰੋੜ ਆਬਾਦੀ ਵਿੱਚੋਂ ਹੁਣ ਤੱਕ ਸਿਰਫ 4.5 ਕਰੋੜ ਲੋਕਾਂ ਨੇ ਹੀ ਟੀਕਾਕਰਨ ਕਰਾਇਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।