ਇਟਲੀ ''ਚ ਅਣਖ ਦੀ ਖਾਤਰ ਮਾਪਿਆਂ ਨੇ 18 ਸਾਲਾ ਧੀ ਦਾ ਕੀਤਾ ਸੀ ਕਤਲ, ਅਦਾਲਤ ਨੇ ਸੁਣਾਈ ਸਜ਼ਾ
Friday, May 31, 2024 - 06:00 PM (IST)
ਰੋਮ (ਦਲਵੀਰ ਕੈਂਥ): ਪਾਕਿਸਤਾਨੀ ਮੂਲ ਦੀ ਇਟਾਲੀਅਨ ਮੁਟਿਆਰ ਸਮਨ ਅੱਬਾਸ ਨੂੰ 30 ਅਪ੍ਰੈਲ 2021 ਨੂੰ ਮਾਰ-ਮੁੱਕਾ ਕੇ ਜ਼ਮੀਨ ਵਿੱਚ ਦੱਬਣ ਵਾਲੇ ਮਾਪਿਆਂ ਨੂੰ ਰਿਜੋਇਮੀਲੀਆ ਦੀ ਮਾਨਯੋਗ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦੋਂ ਕਿ ਇੱਕ ਹੋਰ ਰਿਸ਼ਤੇਦਾਰ ਜਿਹੜਾ ਇਸ ਕੇਸ ਵਿੱਚ ਕਸੂਰਵਾਰ ਹੈ ਉਸ ਨੂੰ ਵੀ 14 ਸਾਲ ਸਜ਼ਾ ਹੋਈ ਹੈ ਜਦੋਂ ਕਿ ਚਚੇਰੇ ਭਰਾਵਾਂ ਨੂੰ ਬਰੀ ਕਰ ਦਿੱਤਾ ਗਿਆ ਹੈ। 30 ਅਪ੍ਰੈਲ, 2021 ਨੂੰ ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਸ਼ਹਿਰ ਨੋਵੇਲਾਰਾ (ਰਿਜੋਮਿਲੀਆ) ਵਿਖੇ ਆਪਣੇ ਹੀ ਮਾਪਿਆਂ ਵੱਲੋਂ ਬੇਦਰਦੀ ਨਾਲ ਮੌਤ ਦੇ ਘਾਟ ਉਤਾਰੀ ਪਾਕਿਸਤਾਨ ਮੂਲ ਦੀ ਇਟਾਲੀਅਨ ਮੁਟਿਆਰ 18 ਸਾਲਾ ਸਮਨ ਅੱਬਾਸ ਜਿਸ ਨੇ ਸ਼ਾਇਦ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਸ ਦੇ ਪਾਲਣਹਾਰ ਮਾਪੇ ਹੀ ਉਸ ਲਈ ਕਿਸੇ ਸਮੇਂ ਸਿਰਫ਼ ਇਸ ਗੱਲੋਂ ਕਾਲ ਬਣ ਜਾਣਗੇ ਕਿਉਂਕਿ ਉਹ ਆਪਣੀ ਜਿੰਦਗੀ ਆਪਣੇ ਢੰਗ ਨਾਲ ਪਸੰਦ ਕੀਤੇ ਇਟਾਲੀਅਨ ਮੁੰਡੇ ਨਾਲ ਜਿਉਣਾ ਚਾਹੁੰਦੀ ਸੀ।
ਇਟਾਲੀਅਨ ਮੀਡੀਏ ਵਿੱਚ ਨਸ਼ਰ ਹੋਈ ਚਿੰਤਾਜਨਕ ਜਾਣਕਾਰੀ ਅਨੁਸਾਰ ਮਰਹੂਮ ਸਮਨ ਅੱਬਾਸ ਨੂੰ ਉਸ ਦੇ ਪਿਤਾ ਸ਼ਬਰ ਅੱਬਾਸ,ਚਾਚਾ ਦਾਨਿਸ਼ ਹਸਨੈਨ ਤੇ ਮਾਂ ਨਾਜ਼ੀਆ ਸ਼ਾਹੀਨ ਨੇ 30 ਅਪ੍ਰੈਲ 2021 ਸ਼ਾਮ ਨੂੰ ਬਹੁਤ ਬੇਦਰਦੀ ਨਾਲ ਮਾਰ ਕੇ ਜ਼ਮੀਨ ਵਿੱਚ ਦੱਬ ਦਿੱਤਾ ਸੀ ਕਿਉਂਕਿ ਸਮਨ ਆਪ ਪੰਸਦ ਕੀਤੇ ਇਟਾਲੀਅਨ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜਦੋਂ ਕਿ ਉਸ ਦੇ ਮਾਪਿਆਂ ਨੂੰ ਇਹ ਗੱਲ ਕਿਸੇ ਵੀ ਕੀਮਤ 'ਤੇ ਮਨਜੂਰ ਨਹੀਂ ਸੀ। ਉਹ ਵਾਰ-ਵਾਰ ਸਮਨ ਨੂੰ ਉਸ ਦੇ ਚਾਚੇ ਦੇ ਮੁੰਡੇ ਨਾਲ ਪਾਕਿਸਤਾਨ ਵਿੱਚ ਵਿਆਹ ਕਰਵਾਉਣ ਲਈ ਮਜ਼ਬੂਰ ਕਰਦੇ। ਇਹ ਘਟਨਾ ਸਮਨ ਦੀ ਮੌਤ ਤੋਂ ਇੱਕ ਸਾਲ ਪਹਿਲਾਂ ਦੀ ਹੈ । ਮਾਪਿਆਂ ਮਰਹੂਮ ਸਮਨ ਅੱਬਾਸ 'ਤੇ ਬਹੁਤ ਹੀ ਸਖ਼ਤੀ ਕੀਤੀ ਉਸ ਦਾ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ, ਫੋਨ ਵਰਤਨਾ ਬੰਦ ਕਰ ਦਿੱਤਾ ਤੇ ਉਸ ਨੂੰ ਕਮਰੇ ਵਿੱਚ ਹੀ ਬੰਦ ਰੱਖਣਾ ਸ਼ੁਰੂ ਕਰ ਦਿੱਤਾ, ਜਿਸ ਬਾਬਤ ਮਰਹੂਮ ਸਮਨ ਨੇ ਪ੍ਰਸ਼ਾਸ਼ਨ ਨੂੰ ਦੱਸ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ: ਲਾਹੌਰ 'ਚ ਈਸਾਈ ਸਫਾਈ ਕਰਮਚਾਰੀ ਦੀ ਬੇਰਹਿਮੀ ਨਾਲ ਕੁੱਟਮਾਰ
ਸਥਾਨਕ ਪ੍ਰਸ਼ਾਸ਼ਨ ਨੇ ਸਮਨ ਅੱਬਾਸ ਨੂੰ ਆਪਣੀ ਨਿਗਰਾਨੀ ਵਿੱਚ ਕਰੀਬ 5 ਮਹੀਨੇ ਘਰੋਂ ਬਾਹਰ ਰੱਖਿਆ ਤੇ ਬਾਅਦ ਵਿੱਚ ਸਮਨ ਦੇ ਕਹਿਣ 'ਤੇ ਹੀ ਫਿਰ ਘਰ ਭੇਜ ਦਿੱਤਾ। ਮਾਪਿਆਂ ਫਿਰ ਸਮਨ ਨੂੰ ਵਿਆਹ ਪਾਕਿਸਤਾਨ ਕਰਵਾਉਣ ਲਈ ਮਜ਼ਬੂਰ ਕੀਤਾ ਪਰ ਸਮਨ ਅੱਬਾਸ ਆਪਣੇ ਇਰਾਦੇ 'ਤੇ ਅਟੱਲ ਰਹੀ, ਜਿਸ ਦਾ ਖਮਿਆਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ ।ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹੀ ਸਮਨ ਦੇ ਮਾਪੇ ਪਾਕਿਸਤਾਨ ਚਲੇ ਗਏ ਜਿਸ ਦਾ ਖੁਲਾਸਾ ਏਅਰਪੋਰਟ ਦੀ ਸੀ ਸੀ ਟੀ ਵੀ ਫੁਟੇਜ ਤੋਂ ਹੋਇਆ। 1 ਮਈ 2021 ਤੋਂ ਇਟਲੀ ਪੁਲਸ ਸਮਨ ਅੱਬਾਸ ਨੂੰ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਲੱਭਣ ਲੱਗ ਪਈ ਪਰ ਪੁਲਸ ਹੱਥ ਕੋਈ ਵੀ ਸੁਰਾਗ ਨਾ ਲੱਗਾ। ਕਾਫੀ਼ ਜੱਦੋ-ਜਹਿਦ ਮਗਰੋੰ ਪੁਲਸ ਨੂੰ ਸਮਨ ਦੇ ਮਾਪਿਆਂ ਦਾ ਪਾਕਿਸਤਾਨ ਚਲੇ ਜਾਣ ਦਾ ਪਤਾ ਲੱਗਾ ਗਿਆ, ਜਿਨ੍ਹਾਂ ਨੂੰ ਫਿਰ ਇੰਟਰਪੋਲ ਦੀ ਮਦਦ ਦੁਆਰਾ ਪੁਲਸ ਨੇ ਪਾਕਿਸਤਾਨ ਤੋਂ ਗ੍ਰਿਫ਼ਤਾਰ ਕਰ ਇਟਲੀ ਲਿਆਂਦਾ।
ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁਰ 'ਚ ਭਾਰਤੀ ਮੂਲ ਦਾ ਨੇਤਾ ਪ੍ਰੀਤਮ ਸਿੰਘ ਕਰੇਗਾ ਮੁਕੱਦਮੇ ਦਾ ਸਾਹਮਣਾ
ਪੁਲਸ ਦੇ ਸਮਨ ਦੇ ਚਚੇਰੇ ਭਰਾ ਤੇ ਚਾਚੇ ਨੂੰ ਵੀ ਯੂਰਪ ਦੇ ਦੂਜਿਆਂ ਦੇਸ਼ਾਂ ਤੋਂ ਗ੍ਰਿਫ਼ਤਾਰ ਕਰਕੇ ਇਟਲੀ ਲੈ ਆਉਂਦਾ। ਚਾਚੇ ਦਾਨਿਸ ਹਸਨੈਨ ਦੀ ਨਿਸ਼ਾਹਦੇਹੀ 'ਤੇ ਪੁਲਸ ਨੇ ਜ਼ਮੀਨ ਵਿੱਚ ਦਫ਼ਨ ਕੀਤੀ ਸਮਨ ਅੱਬਾਸ ਦੀ ਲਾਸ਼ ਵੀ ਬਰਾਮਦ ਕਰ ਲਈ ਜਿਸ ਨਾਲ ਹੁਣ ਸਾਰਾ ਮਾਮਲਾ ਪੁਲਸ ਨੂੰ ਸਾਫ਼ ਹੋ ਗਿਆ ਸੀ ਕਿ ਇਸ ਪਾਕਿਸਤਾਨੀ ਪਰਿਵਾਰ ਨੇ ਆਪਣੀ ਧੀ ਨੂੰ ਇਸ ਕਾਰਨ ਦਰਦਨਾਕ ਮੌਤ ਦਿੱਤੀ ਕਿਉਂਕਿ ਉਹ ਪਰਿਵਾਰ ਦੀ ਇੱਛਾ ਵਿਰੁੱਧ ਵਿਆਹ ਕਰਵਾਉਣਾ ਚਾਹੁੰਦੀ ਸੀ ਜਿਸ ਨਾਲ ਅੱਬਾਸ ਪਰਿਵਾਰ ਦੀ ਇੱਜ਼ਤ ਮਿੱਟੀ ਵਿੱਚ ਮਿਲ ਰਹੀ ਸੀ। ਹੋਰ ਕੋਈ ਪੇਸ਼ ਨਾ ਚੱਲਦੀ ਦੇਖ ਪਰਿਵਾਰ ਨੇ ਸਮਨ ਅੱਬਾਸ ਦੀ ਬਗਾਵਤ ਨੂੰ ਜ਼ਮੀਨ ਦੇ ਹੇਠਾਂ ਇਸ ਲਈ ਦਫ਼ਨ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਆਪਣੇ ਇੱਜ਼ਤ ਜਿ਼ਆਦਾ ਪਿਆਰੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਸਮਨ ਅੱਬਾਸ ਨੇ ਜਦੋਂ ਦੇਖਿਆ ਕਿ ਉਸ ਦਾ ਪਰਿਵਾਰ ਉਸ ਦੇ ਪਿਆਰ ਨੂੰ ਕਿਸੇ ਕੀਮਤ 'ਤੇ ਵੀ ਪ੍ਰਵਾਨਗੀ ਨਹੀਂ ਦੇ ਰਿਹਾ ਤਾਂ ਉਸ ਨੇ ਆਤਮ ਹੱਤਿਆ ਕਰਨ ਦੀ ਵੀ ਕੋਸਿ਼ਸ ਕੀਤੀ ਸੀ ਪਰ ਉਹ ਬੱਚ ਗਈ ਉਸ ਨੂੰ ਸ਼ਾਇਦ ਨੂੰ ਨਹੀਂ ਪਤਾ ਸੀ ਕਿ ਉਸ ਦਾ ਪਰਿਵਾਰ ਦਾ ਪਰਿਵਾਰ ਉਸ ਦੇ ਮਰਨ ਦੀ ਇੱਛਾ ਦਰਦਨਾਕ ਮੌਤ ਦੇ ਕੇ ਜਲਦ ਹੀ ਪੂਰਾ ਕਰ ਦੇਵੇਗਾ।
ਇਟਲੀ ਵਿਚ ਅਤਿ ਨਿੰਦਣਯੋਗ ਘਟਨਾ 'ਤੇ ਜਿੱਥੇ ਮਾਨਯੋਗ ਅਦਾਲਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਮੁੱਖ ਦੋਸ਼ੀ ਮਰਹੂਮ ਸਮਨ ਅੱਬਾਸ ਦੇ ਪਿਤਾ ਸ਼ਬਰ ਅੱਬਾਸ, ਮਾਂ ਨਾਜ਼ੀਆ ਸ਼ਾਹੀਨ (ਮਤਰੇਈ ਮਾਂ, ਸਮਨ ਦੀ ਸਕੀ ਮਾਂ ਪਾਕਿਸਤਾਨ ਵਿੱਚ ਬਚਪਨ ਦੌਰਾਨ ਹੀ ਮਰ ਗਈ ਸੀ) ਦੋਨਾਂ ਨੂੰ ਉਮਰ ਕੈਦ ਸੁਣਾਈ ਹੈ ਜਦੋਂ ਕਿ ਚਾਚੇ ਦਾਨਿਸ਼ ਹਸਨੈਨ 14 ਸਾਲ ਦੀ ਸਜ਼ਾ ਸੁਣਾਉਣ ਦੇ ਨਾਲ ਚਚੇਰੇ ਭਰਾਵਾਂ ਨੂੰ ਬਰੀ ਕਰ ਦਿੱਤਾ ਹੈ। ਇਟਲੀ ਵਿੱਚ ਝੂੱਠੀ ਇੱਜ਼ਤ ਆਬਰੂ ਲਈ ਪਾਕਿਸਤਾਨੀਆਂ ਵੱਲੋਂ ਧੀ ਨੂੰ ਬੇਰਹਿਮੀ ਨਾਲ ਮਾਰਨ ਵਾਲੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਬਰੇਸ਼ੀਆਂ ਜਿ਼ਲ੍ਹੇ ਵਿੱਚ ਹਿਨਾ ਸਲੀਮ 20 ਸਾਲਾ ਮੁਟਿਆਰ ਨੂੰ ਉਸ ਦੇ ਪਿਤਾ ਨੇ ਮਰਜ਼ੀ ਨਾਲ ਵਿਆਹ ਕਰਵਾਉਣ ਦੀ ਗੁਸਤਾਖ਼ੀ ਕਰਨ ਲਈ ਮਾਰ ਦਿੱਤਾ ਸੀ, ਜਿਸ ਨੂੰ ਮਾਨਯੋਗ ਅਦਾਲਤ ਨੇ 30 ਸਾਲ ਦੀ ਸਜ਼ਾ ਸੁਣਾਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।