ਇਮਰਾਨ ਸਰਕਾਰ ਨੇ 3 ਸਾਲਾਂ ’ਚ ਖੋਹ ਲਈਆਂ 1.5 ਲੱਖ ਨੌਕਰੀਆਂ, ਸਿੰਧ ਦੇ ਕਰਮਚਾਰੀ ਸਭ ਤੋਂ ਵੱਧ ਪ੍ਰਭਾਵਿਤ

09/01/2021 3:30:35 PM

ਪੇਸ਼ਾਵਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੰਘੀ ਸਰਕਾਰ ’ਤੇ ਤਿੰਨ ਸਾਲਾਂ ’ਚ ਤਕਰੀਬਨ 1.5 ਲੱਖ ਲੋਕਾਂ ਨੂੰ ਨੌਕਰੀਆਂ ਤੋਂ ਕੱਢਣ ਦਾ ਦੋਸ਼ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਪ੍ਰਭਾਵਿਤ ਕਰਮਚਾਰੀਆਂ ’ਚੋਂ 80 ਫੀਸਦੀ ਸਿੰਧ ਸੂਬੇ ਦੇ ਵਸਨੀਕ ਹਨ। ਆਵਾਮੀ ਆਵਾਜ਼ ਨੇ ਸੋਮਵਾਰ ਆਪਣੀ ਰਿਪੋਰਟ ’ਚ ਕਿਹਾ, 1.5 ਲੱਖ ਕਰਮਚਾਰੀਆਂ ’ਚੋਂ ਜ਼ਿਆਦਾਤਰ ਸਿੰਧੀਆਂ ਦਾ ਅੰਕੜਾ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੀ ਮੌਜੂਦਾ ਸਰਕਾਰ ਦਾ ਸਿੰਧ ਵਿਰੋਧੀ ਪੱਖਪਾਤ ਦਰਸਾਉਂਦਾ ਹੈ। ਸਿੰਧ ਦੇ ਲੋਕਾਂ ਦਾ ਦੋਸ਼ ਹੈ ਕਿ ਇਮਰਾਨ ਸਰਕਾਰ ਉਨ੍ਹਾਂ ਨੂੰ ਵਿੱਤੀ ਤੌਰ ’ਤੇ ਕਮਜ਼ੋਰ ਬਣਾਉਣ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਸਿੰਧ ਅਤੇ ਇਸ ਦੇ ਲੋਕਾਂ ਨਾਲ ਭੇਦਭਾਵ ਕਰ ਰਹੀ ਹੈ।

ਰਿਪੋਰਟਾਂ ਅਨੁਸਾਰ ਇਸ ਹਫਤੇ 16,000 ਲੋਕਾਂ ਨੂੰ ਵੱਖ-ਵੱਖ ਕੇਂਦਰੀ ਦਫਤਰਾਂ ’ਚੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ’ਚ ਸੁਈ ਸਦਰਨ ਗੈਸ ਦੇ 2,000 ਸਿੰਧੀ ਕਰਮਚਾਰੀ ਵੀ ਸ਼ਾਮਲ ਸਨ। ਇਹ ਕਰਮਚਾਰੀ ਇਸ ਲਈ ਵਿਰੋਧ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪਿਛਲੇ 11 ਸਾਲਾਂ ਦੀ ਸੇਵਾ ਦੌਰਾਨ ਲਈ ਗਈ ਤਨਖਾਹ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਰਿਪੋਰਟ ਦੇ ਅਨੁਸਾਰ ਪਾਕਿਸਤਾਨ ਦੇ ਕਾਨੂੰਨ ਅਨੁਸਾਰ ਇੱਕ ਸਰਕਾਰੀ ਕਰਮਚਾਰੀ ਨੂੰ ਨੌਕਰੀ ਤੋਂ ਕੱਢਣ ਤੋਂ ਪਹਿਲਾਂ ਤਿੰਨ ਮਹੀਨਿਆਂ ਦਾ ਨੋਟਿਸ ਦੇਣਾ ਹੁੰਦਾ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਕਿਸੇ ਕਾਨੂੰਨ ਦੇ ਅਧੀਨ ਇੰਨੇ ਕਰਮਚਾਰੀਆਂ ਨੂੰ ਅਚਾਨਕ ਉਨ੍ਹਾਂ ਦੀਆਂ ਨੌਕਰੀਆਂ ਤੋਂ ਹਟਾ ਦਿੱਤਾ ਗਿਆ ਹੈ ਜਾਂ ਨਹੀਂ।


Manoj

Content Editor

Related News