ਇਮਰਾਨ ਕਸ਼ਮੀਰ ਬਾਰੇ ਹਮੇਸ਼ਾ ਗਲਤ ਬੋਲਦੇ ਹਨ, ਕਸ਼ਮੀਰੀ ਖੁਦ ਤੈਅ ਕਰਨ ਆਪਣੀ ਕਿਸਮਤ : ਬਿਲਾਵਲ ਭੁੱਟੋ
Monday, Jul 26, 2021 - 01:19 PM (IST)
ਇਸਲਾਮਾਬਾਦ: ਪਾਕਿਸਤਾਨ ਪੀਪੁਲਜ਼ ਪਾਰਟੀ (ਪੀ. ਪੀ. ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਜਨਮਤ ਸੰਗ੍ਰਹਿ ਕਰਵਾਉਣ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪ੍ਰਸਤਾਵ ਦੀ ਆਲੋਚਨਾ ਕਰਦਿਆਂ ਇਸ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੀ. ਐੱਮ. ਇਮਰਾਨ ਖਾਨ ਹਮੇਸ਼ਾ ਕਸ਼ਮੀਰ ਬਾਰੇ ਗਲਤ ਹੀ ਬੋਲਦੇ ਹਨ। ਉਨ੍ਹਾਂ ਕਿਹਾ ਕਿ ਇਮਰਾਨ ਕਸ਼ਮੀਰ ਦੇ ਲੋਕਾਂ ਨੂੰ ਮੂਰਖ ਤੇ ਦੇਸ਼ਧ੍ਰੋਹੀ ਮੰਨਦੇ ਹਨ। ਸ਼ੁਰੂ ਤੋਂ ਹੀ ਪੀ. ਪੀ. ਪੀ. ਨੇ ਕਿਹਾ ਹੈ ਕਿ ਕਸ਼ਮੀਰੀ ਲੋਕਾਂ ਨੂੰ ਆਪਣੀ ਕਿਸਮਤ ਖੁਦ ਤੈਅ ਕਰਨੀ ਚਾਹੀਦੀ ਹੈ। ਬਿਲਾਵਲ ਨੇ ਪ੍ਰਧਾਨ ਮੰਤਰੀ ਇਮਰਾਨ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੇ ਜਨਮਤ ਸੰਗ੍ਰਹਿ ਦੇ ਪਿੱਛੇ ਦਲੀਲ ਦਿੱਤੀ ਸੀ ਕਿ ਇਸ ਨਾਲ ਇਹ ਤੈਅ ਕੀਤਾ ਜਾ ਸਕਦਾ ਹੈ ਕਿ ਨਿਵਾਸੀ ਪਾਕਿਸਤਾਨ ਦੇ ਨਾਲ ਰਹਿਣਾ ਚਾਹੁੰਦੇ ਹਨ ਜਾਂ ਸੁਤੰਤਰ ਰਾਸ਼ਟਰ ਦੇ ਰੂਪ ਵਿਚ।
ਉਨ੍ਹਾਂ ਦੀ ਇਹ ਟਿੱਪਣੀ ਰਾਸ਼ਟਰੀ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਵੱਲੋਂ ਕਸ਼ਮੀਰੀਆਂ ਨੂੰ ਆਜ਼ਾਦੀ ਦਾ ਬਦਲ ਚੁਨਣ ਦਾ ਅਧਿਕਾਰ ਦੇਣ ਵਾਲੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਰੱਦ ਕਰਨ ਦੇ ਕੁਝ ਘੰਟਿਆਂ ਬਾਅਦ ਆਈ ਹੈ। ਸ਼ਾਹਬਾਜ਼ ਨੇ ਕਿਹਾ, 'ਪੂਰਾ ਦੇਸ਼ ਜੰਮੂ-ਕਸ਼ਮੀਰ ਵਿਵਾਦ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ 'ਤੇ ਪਾਕਿਸਤਾਨ ਦੀ ਇਤਿਹਾਸਕ ਸਥਿਤੀ ਤੋਂ ਇਲਾਵਾ ਕਿਸੇ ਹੋਰ ਚੀਜ ਨੂੰ ਖਾਰਜ ਕਰਦਾ ਹੈ।' ਉਨ੍ਹਾਂ ਕਿਹਾ, 'ਜੰਮੂ-ਕਸ਼ਮੀਰ ਵਿਵਾਦ ਦਾ ਫੈਸਲਾ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਹੋਏ ਪਾਰਦਰਸ਼ੀ ਅਤੇ ਸੁਤੰਤਰ ਜਨਮਤ ਸੰਗ੍ਰਿਹ ਅਨੁਸਾਰ ਹੋਵੇਗਾ। ਪਾਕਿਸਤਾਨ ਅਤੇ ਕਸ਼ਮੀਰ ਦੇ ਲੋਕ ਵੀ ਇਹੀ ਵਿਚਾਰ ਰੱਖਦੇ ਹਨ।'
ਤੁਹਾਨੂੰ ਦੱਸ ਦੇਈਏ ਕਿ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਪੀ.ਓ.ਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਇਕ ਜਨਮਤ ਸੰਗ੍ਰਿਹ ਕਰੇਗੀ, ਜਿਸ ਵਿਚ ਉਹ ਪਾਕਿਸਤਾਨ ਵਿਚ ਸ਼ਾਮਲ ਹੋਣ ਜਾਂ ਆਜ਼ਾਦ ਸੂਬਾ ਬਣਨ ਦਾ ਬਦਲ ਚੁਣ ਸਕਦੇ ਹਨ। ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਸੀ, “ਹੁਣ ਮੈਂ ਜੋ ਸਪਸ਼ਟ ਕਰਨਾ ਚਾਹੁੰਦਾ ਹਾਂ ਉਹ ਇਹ ਹੈ ਕਿ 1948 ਵਿਚ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 2 ਪ੍ਰਸਤਾਵ ਸਨ, ਜੋ ਕਸ਼ਮੀਰ ਦੇ ਲੋਕਾਂ ਨੂੰ ਆਪਣੇ ਭਵਿੱਖ ਦਾ ਫ਼ੈਸਲਾ ਕਰਨ ਦਾ ਅਧਿਕਾਰ ਦਿੰਦੇ ਸਨ। ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਅਨੁਸਾਰ ਲੋਕਾਂ ਨੂੰ ਇਹ ਫੈਸਲਾ ਲੈਣਾ ਹੈ ਕਿ ਕੀ ਉਹ ਭਾਰਤ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਜਾਂ ਪਾਕਿਸਤਾਨ ਵਿਚ।” ਜੀਓ ਨਿਉਜ਼ ਦੀ ਰਿਪੋਰਟ ਅਨੁਸਾਰ, ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਜ਼ਰੂਰੀ ਜਨਮਤ ਸੰਗ੍ਰਿਹ ਤੋਂ ਬਾਅਦ ਵੀ ਉਨ੍ਹਾਂ ਦੀ ਸਰਕਾਰ ਇਕ ਹੋਰ ਜਨਮਤ ਸੰਗ੍ਰਿਹ ਕਰਾਏਗੀ, ਜਿਥੇ ਪੀ.ਓ.ਕੇ. ਦੇ ਲੋਕਾਂ ਨੂੰ ਜਾਂ ਤਾਂ ਪਾਕਿਸਤਾਨ ਨਾਲ ਰਹਿਣ ਜਾਂ ਸੁਤੰਤਰ ਸੂਬਾ ਬਣਨ ਦਾ ਬਦਲ ਦਿੱਤਾ ਜਾਵੇਗਾ।