ਇਨਸਾਨੀਅਤ ਸ਼ਰਮਸਾਰ, ਡਾਇਨ ਦੱਸ ਔਰਤ ਨਾਲ ਕੀਤੀ ਬੁਰੀ ਤਰ੍ਹਾਂ ਕੁੱਟਮਾਰ

Monday, Aug 19, 2019 - 09:13 PM (IST)

ਇਨਸਾਨੀਅਤ ਸ਼ਰਮਸਾਰ, ਡਾਇਨ ਦੱਸ ਔਰਤ ਨਾਲ ਕੀਤੀ ਬੁਰੀ ਤਰ੍ਹਾਂ ਕੁੱਟਮਾਰ

ਕਾਠਮੰਡੂ (ਏਜੰਸੀ)- ਨੇਪਾਲ ਵਿਚ ਪਿੰਡ ਦੇ ਲੋਕਾਂ ਨੇ ਇਕ ਔਰਤ ਨੂੰ ਡਾਇਨ ਦੱਸ ਕੇ ਉਸ ਨਾਲ ਨਾ ਸਿਰਫ ਕੁੱਟਮਾਰ ਕੀਤੀ, ਸਗੋਂ ਮਲ ਖਾਣ ਨੂੰ ਵੀ ਮਜਬੂਰ ਕੀਤਾ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਮਾਮਲਾ ਮਾਹੋਤਾਰੀ ਜ਼ਿਲੇ ਦੇ ਭਾਂਗਹਾ ਖੇਤਰ ਦਾ ਹੈ। ਇਥੇ ਐਤਵਾਰ ਨੂੰ ਪੰਜ ਔਰਤਾਂ ਨੇ ਮਿਲ ਕੇ 35 ਸਾਲਾਂ ਪੀੜਤਾ 'ਤੇ ਚੁੜੈਲ ਹੋਣ ਦਾ ਦੋਸ਼ ਲਗਾਉਂਦੇ ਹੋਏ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਮੁਲਜ਼ਮ ਔਰਤਾਂ ਦੀ ਪਛਾਣ ਸਬਿਤਾ ਦੇਵੀ, ਪੋਸ਼ਿਲਾ ਦਾਨੁਵਾਰ, ਇੰਦਰਾ ਦੇਵੀ ਸਿੰਘ ਦਾਨੁਵਾਰ, ਸੁਕੇਸ਼ਵਰੀ ਦੇਵੀ ਅਤੇ ਰਾਜੇਸ਼ਵਰੀ ਅਨੁਵਾਰ ਵਜੋਂ ਕੀਤੀ ਗਈ ਹੈ। ਇਹ ਜਾਣਕਾਰੀ ਐਸ.ਪੀ. ਸ਼ਿਆਮ ਕ੍ਰਿਸ਼ਣ ਅਧਿਕਾਰੀ ਨੇ ਦਿੱਤੀ। ਸੁਕੇਸ਼ਵਰੀ ਅਤੇ ਰਾਜੇਸ਼ਵਰੀ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਔਰਤ 'ਤੇ ਡਾਇਨ ਹੋਣ ਦਾ ਦੋਸ਼ ਲਗਾਉਣ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਕਰਨ ਜਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਰੀਤ ਅਜੇ ਵੀ ਨੇਪਾਲ ਵਿਚ ਕੁਝ ਹਿੱਸਿਆਂ ਵਿਚ ਆਮ ਹੈ। ਹਾਲਾਂਕਿ ਇਹ ਗੈਰ-ਕਾਨੂੰਨੀ ਹੈ। ਇਸ ਦੇ ਨਾਲ ਹੀ ਨੇਪਾਲ ਵਿਚ ਕਈ ਹੋਰ ਵੀ ਕੁਪ੍ਰਥਾਵਾਂ ਪ੍ਰਚਲਿਤ ਹਨ, ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਔਰਤਾਂ ਨੂੰ ਹੀ ਝੱਲਣਾ ਪੈਂਦਾ ਹੈ। ਇਸੇ ਤਰ੍ਹਾਂ ਦੀ ਇਕ ਹੋਰ ਕੁਪ੍ਰਥਾ ਹੈ ਕਿ ਮਾਸਿਕ ਧਰਮ ਦੌਰਾਨ ਔਰਤਾਂ ਨੂੰ ਵੱਖਰੀ ਝੋਪੜੀ ਵਿਚ ਰਹਿਣ ਨੂੰ ਮਜਬੂਰ ਕੀਤਾ ਜਾਂਦਾ ਹੈ। ਠੰਡ ਦੇ ਦਿਨਾਂ ਵਿਚ ਝੋਂਪੜੀ ਨੂੰ ਗਰਮ ਰੱਖਣ ਲਈ ਅੱਗ ਲਗਾਏ ਗਏ ਅਲਾਵ ਦੇ ਧੂੰਏਂ ਨਾਲ ਕਈ ਵਾਰ ਔਰਤਾਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।


author

Sunny Mehra

Content Editor

Related News