HSBC ਦੀ 10,000 ਹੋਰ ਨੌਕਰੀਆਂ ਘੱਟ ਕਰਨ ਦੀ ਯੋਜਨਾ : ਰਿਪੋਰਟ
Monday, Oct 07, 2019 - 04:48 PM (IST)

ਹਾਂਗਕਾਂਗ — ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ HSBC ਲਾਗਤ ਘੱਟ ਕਰਨ ਲਈ 10,000 ਹੋਰ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਫਾਇਨਾਂਸ਼ਿਅਲ ਟਾਈਮਜ਼ ਨੇ ਸੋਮਵਾਰ ਨੂੰ ਆਪਣੀ ਰਿਪੋਰਟ 'ਚ ਇਹ ਖੁਲਾਸਾ ਕੀਤਾ। ਇਸ ਤੋਂ ਪਹਿਲਾਂ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ(ਸੀ.ਈ.ਓ.) ਨੇ ਆਪਣਾ ਅਹੁਦਾ ਛੱਡ ਦਿੱਤਾ ਸੀ। ਇਸ ਦੇ ਨਾਲ ਹੀ ਬੈਂਕ ਨੇ ਗਲੋਬਲ ਮੰਦੀ ਦਾ ਹਵਾਲਾ ਦਿੰਦੇ ਹੋਏ 4,000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ। ਦੈਨਿਕ ਅਖਬਾਰ 'ਫਾਇਨਾਂਸ਼ਿਅਲ ਟਾਈਮਜ਼' ਦੀ ਖਬਰ ਅਨੁਸਾਰ, ਤਾਜ਼ਾ ਛਾਂਟੀ ਜ਼ਿਆਦਾਤਰ ਉੱਚੀ ਤਨਖਾਹ ਵਾਲੇ ਅਹੁਦਿਆਂ ਦੀ ਹੋਵੇਗੀ। ਇਹ ਕੰਪਨੀ ਦੇ ਨਵੇਂ ਪ੍ਰਮੁੱਖ ਨੋਏਲ ਕਵਿੱਨ ਦੇ, ਲਾਗਤ ਘੱਟ ਕਰਨ ਦੀ ਮੁਹਿੰਮ ਦਾ ਹਿੱਸਾ ਹੈ। ਕੰਪਨੀ ਡਿੱਗਦੀਆਂ ਵਿਆਜ ਦਰਾਂ, ਬ੍ਰੇਕਿਜ਼ਿਟ ਅਤੇ ਵਪਾਰਕ ਜੰਗ ਦੇ ਪ੍ਰਭਾਵ ਨੂੰ ਵਿਵਸਥਿਤ ਕਰਨ ਦੀ ਪ੍ਰਕਿਰਿਆ 'ਚ ਹੈ। ਅਖਬਾਰ ਨੇ ਅਣਜਾਣੇ ਸਰੋਤਾਂ ਦੇ ਹਵਾਲੇ ਨਾਲ ਦੱਸਿਆ,' ਅਸੀਂ ਸਾਲਾਂ ਤੋਂ ਜਾਣਦੇ ਹਾਂ ਕਿ ਸਾਨੂੰ ਲਾਗਤ ਦੇ ਮੋਰਚਿਆਂ 'ਤੇ ਕੁਝ ਕਰਨ ਦੀ ਜ਼ਰੂਰਤ ਹੈ। ਕਰਮਚਾਰੀ ਲਾਗਤ ਦਾ ਇਕ ਵੱਡਾ ਹਿੱਸਾ ਹੁੰਦੇ ਹਨ। ਹੁਣ ਅਸੀਂ ਇਸ ਨੂੰ ਸਮਝ ਰਹੇ ਹਾਂ। ਪਿਛਲੇ ਮਹੀਨੇ ਬੈਂਕ ਨੇ ਅਚਾਨਕ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ(ਸੀ.ਈ.ਓ.) ਜਾਨ ਫਲਿਨਟ ਦੇ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ ਸੀ। ਉਹ ਇਸ ਅਹੁਦੇ 'ਤੇ ਸਿਰਫ 18 ਮਹੀਨੇ ਰਹੇ। ਹਾਲਾਂਕਿ ਬੈਂਕ ਨੇ ਇਸ ਦਾ ਕਾਰਨ ਨਹੀਂ ਦੱਸਿਆ ਸੀ। ਇਸ ਸਮੇਂ ਬੈਂਕ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਗਲੋਬਲ ਪੱਧਰ 'ਤੇ ਆਪਣੇ ਕਰਮਚਾਰੀਆਂ ਦੀ ਸੰਖਿਆ 'ਚ 2 ਫੀਸਦੀ ਦੀ ਕਟੌਤੀ ਕਰੇਗੀ ਅਰਥਾਤ 4,000 ਨੌਕਰੀਆਂ ਘੱਟ ਕਰੇਗੀ।