ਸਕਾਟਲੈਂਡ ''ਚ ਅਫਗਾਨੀ ਪਰਿਵਾਰਾਂ ਨੂੰ ਕੀਤੀ ਜਾ ਰਹੀ ਹੈ ਘਰਾਂ ਦੀ ਪੇਸ਼ਕਸ਼

Tuesday, Jun 29, 2021 - 06:26 PM (IST)

ਸਕਾਟਲੈਂਡ ''ਚ ਅਫਗਾਨੀ ਪਰਿਵਾਰਾਂ ਨੂੰ ਕੀਤੀ ਜਾ ਰਹੀ ਹੈ ਘਰਾਂ ਦੀ ਪੇਸ਼ਕਸ਼

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਸਕਾਟਲੈਂਡ ਦੀਆਂ ਕੌਂਸਲਾਂ ਵੱਲੋਂ ਅਫਗਾਨਿਸਤਾਨ ਦੇ ਉਨ੍ਹਾਂ ਪਰਿਵਾਰਾਂ ਲਈ ਘਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਿਹਨਾਂ ਨੇ ਬਰਤਾਨਵੀ ਫੌਜਾਂ ਦੀ ਤਾਇਨਾਤੀ ਦੌਰਾਨ ਸੈਨਿਕਾਂ ਦੀ ਸਹਾਇਤਾ ਕੀਤੀ ਸੀ। ਸਕਾਟਲੈਂਡ ਦੇ ਸਾਊਥ ਆਇਰਸ਼ਾਇਰ ਵਿਚ ਸਥਿਤ 3 ਘਰ ਉਹਨਾਂ ਅਫਗਾਨੀ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ, ਜਿਹਨਾਂ ਨੂੰ ਆਪਣੀ ਸੁਰੱਖਿਆ ਲਈ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ। ਖੇਤਰ ਵਿਚ ਘਰਾਂ ਦੀ ਮੰਗ ਦੇ ਕਾਰਨ, ਕੌਂਸਲ ਨੇ 3 ਘਰ ਦੇਣ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਕੌਂਸਲਰਾਂ ਨੇ ਵੀਰਵਾਰ ਨੂੰ ਇਕ ਮੀਟਿੰਗ ਵਿਚ ਅਫਗਾਨ ਰੀਲੋਕੇਸ਼ਨ ਸਕੀਮ ਵਿਚ ਹਿੱਸਾ ਲੈਣ ਲਈ ਵੋਟ ਦਿੱਤੀ। ਹਾਊਸਿੰਗ ਲਈ ਜ਼ਿੰਮੇਵਾਰ ਲੇਬਰ ਕੌਂਸਲਰ ਫਿਲਿਪ ਸੈਕਸਟਨ ਅਨੁਸਾਰ ਅਫਗਾਨੀ ਲੋਕਾਂ ਦੀ ਸਹਾਇਤਾ ਕਰਨਾ ਉਹਨਾਂ ਦਾ ਫਰਜ਼ ਹੈ, ਕਿਉਂਕਿ ਅਫਗਾਨਿਸਤਾਨ ਵਿਚ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ। ਅੰਤਰਰਾਸ਼ਟਰੀ ਫੌਜੀ ਜੋ ਕਿ ਅਫਗਾਨਿਸਤਾਨ ਵਿਚ ਸਨ, ਉੱਥੋਂ ਵਾਪਸੀ ਕਰ ਰਹੇ ਹਨ। ਇਸ ਲਈ ਉਹ ਅਫਗਾਨੀ ਲੋਕ ਜਿਹਨਾਂ ਨੇ ਫੌਜੀਆਂ ਦੀ ਸਹਾਇਤਾ ਕੀਤੀ ਸੀ, ਉਹਨਾਂ ਨੂੰ ਤਾਲਿਬਾਨ ਵੱਲੋਂ ਮਾਰੇ ਜਾਣ ਦਾ ਡਰ ਹੈ। ਜ਼ਿਕਰਯੋਗ ਹੈ ਕਿ ਗ੍ਰਹਿ ਦਫ਼ਤਰ ਵੱਲੋਂ ਉਨ੍ਹਾਂ ਕੌਂਸਲਾਂ ਨੂੰ ਫੰਡ ਮੁਹੱਈਆ ਕਰਵਾਏ ਜਾਂਦੇ ਹਨ, ਜੋ ਕਿ ਪੁਨਰਵਾਸ ਲਈ ਆਉਣ ਵਾਲੇ ਅਫਗਾਨੀ ਪਰਿਵਾਰਾਂ ਦਾ ਸਵਾਗਤ ਕਰਦੀਆਂ ਹਨ।


author

cherry

Content Editor

Related News