ਇਨਸਾਨ ਦੇ ਹਾਵ-ਭਾਵ ਸਮਝ ਸਕਦੇ ਹਨ ਘੋੜੇ : ਅਧਿਐਨ

11/06/2017 8:45:02 AM

ਲੰਡਨ,(ਬਿਊਰੋ)— ਘੋੜੇ ਭਾਵੇਂ ਕਿਸੇ ਇਨਸਾਨ ਤੋਂ ਅਣਜਾਣ ਹੋਣ ਪਰ ਉਹ ਉਸ ਦੇ ਪ੍ਰਭਾਵਸ਼ਾਲੀ ਜਾਂ ਹਲਕੇ ਹਾਵ-ਭਾਵ ਵਿਚਕਾਰਲੇ ਫਰਕ ਨੂੰ ਪਛਾਣ ਸਕਦੇ ਹਨ। ਇਹ ਗੱਲ ਇਕ ਰਿਸਰਚ 'ਚ ਕਹੀ ਗਈ ਹੈ। ਇਸ ਤੋਂ ਇਹ ਸਮਝਣ 'ਚ ਸਾਨੂੰ ਮਦਦ ਮਿਲ ਸਕਦੀ ਹੈ ਕਿ ਕਿਵੇਂ ਜਾਨਵਰ ਹਾਵ-ਭਾਵ ਤੋਂ ਕਿਸੇ ਇਨਸਾਨ ਦੀ ਗੱਲ ਸਮਝਦੇ ਹਨ ਅਤੇ ਇਸ ਨਾਲ ਖਾਸ ਤੌਰ 'ਤੇ ਘੋੜਿਆਂ ਦੀ ਦੇਖ-ਰੇਖ ਕਰਨ ਵਾਲਿਆਂ ਅਤੇ ਟ੍ਰੇਨਰਾਂ ਨੂੰ ਇਹ ਸਮਝਣ 'ਚ ਮਦਦ ਮਿਲੇਗੀ ਕਿ ਉਹ ਮਨੁੱਖ ਦੇ ਸਰੀਰਕ ਹਾਵ-ਭਾਵ ਦਾ ਕਿਵੇਂ ਪਤਾ ਲਾਉਂਦੇ ਹਨ। ਬ੍ਰਿਟੇਨ 'ਚ ਸਸੈਕਸ ਯੂਨੀਵਰਸਿਟੀ ਦੇ ਖੋਜੀਆਂ ਨੇ 30 ਦੇਸੀ ਘੋੜਿਆਂ 'ਤੇ ਇਸ ਦਾ ਅਧਿਐਨ ਕੀਤਾ।
ਉਨ੍ਹਾਂ 3 ਘੋੜਸਵਾਰੀ ਕੇਂਦਰਾਂ 'ਚ ਘੋੜੇ ਰੱਖੇ। ਘੋੜਿਆਂ ਦੀ ਦੇਖ-ਰੇਖ ਕਰਨ ਵਾਲੀਆਂ ਸਾਰੀਆਂ ਔਰਤਾਂ ਸਨ, ਜਿਨ੍ਹਾਂ ਨੇ ਇਕੋ ਜਿਹੇ ਆਕਾਰ ਤੇ ਇਕੋ ਜਿਹੇ ਕੱਪੜੇ ਪਹਿਨੇ ਹੋਏ ਸਨ। ਉਨ੍ਹਾਂ ਦਾ ਮੂੰਹ ਢਕਿਆ ਹੋਇਆ ਸੀ ਤਾਂ ਕਿ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਨਾ ਦਿਸ ਸਕਣ । ਘੋੜਿਆਂ ਨੂੰ 2 ਔਰਤਾਂ ਨੇ ਚਾਰਾ ਖੁਆਇਆ ਅਤੇ ਉਨ੍ਹਾਂ ਨੂੰ ਬਦਲ ਦਿੱਤਾ ਗਿਆ ਤਾਂ ਕਿ ਉਹ ਪ੍ਰਭਾਵਸ਼ਾਲੀ ਜਾਂ ਹਲਕੇ ਹਾਵ-ਭਾਵ ਵਾਲੀਆਂ ਔਰਤਾਂ ਨੂੰ ਚੁਣ ਸਕਣ । ਰਿਸਰਚ 'ਚ ਅਜਿਹਾ ਦੇਖਿਆ ਗਿਆ ਕਿ ਘੋੜਿਆਂ ਨੇ ਹਲਕੇ ਹਾਵ-ਭਾਵ ਵਾਲੀਆਂ ਔਰਤਾਂ ਨੂੰ ਪਹਿਲ ਦਿੱਤੀ।  ਇਹ ਰਿਸਰਚ ਜਰਨਲ ਐਨੀਮਲ ਕਾਗਨਿਸ਼ਨ 'ਚ ਪ੍ਰਕਾਸ਼ਿਤ ਹੋਈ ਹੈ।


Related News