ਹਾਂਗਕਾਂਗ : ਪ੍ਰਦਰਸ਼ਨਕਾਰੀਆਂ ਖਿਲਾਫ ਪੁਲਸ ਨੇ ਪਹਿਲੀ ਵਾਰ ਵਰਤੇ 'ਵਾਟਰ ਕੈਨਨ'

08/26/2019 9:04:30 AM

ਹਾਂਗਕਾਂਗ— ਹਾਂਗਕਾਂਗ 'ਚ ਚੀਨ ਵਿਰੋਧੀ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀ ਲਗਾਤਾਰ ਢਾਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ । ਬੀਤੇ ਦਿਨ ਪਹਿਲੀ ਵਾਰ ਪੁਲਸ ਨੇ ਹਵਾਈ ਫਾਇਰਿੰਗ ਅਤੇ ਵਾਟਰ ਕੈਨਨ ਦੀ ਵਰਤੋਂ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਪੈਟਰੋਲ ਬੰਬ, ਰਾਕੇਟ ਬੰਬ ਅਤੇ ਇੱਟਾਂ-ਪੱਥਰ ਸੁੱਟੇ। ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਲੋਹੇ ਦੀਆਂ ਛੜਾਂ ਤੇ ਲਾਠੀਆਂ ਨਾਲ ਹਮਲਾ ਕੀਤਾ, ਜਿਸ ਮਗਰੋਂ 36 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ 'ਚ ਇਕ 12 ਸਾਲਾ ਲੜਕਾ ਵੀ ਹੈ।

ਮਿਲੀ ਜਾਣਕਾਰੀ ਅਨੁਸਾਰ ਗੁੱਸੇ ਵਿਚ ਆਏ ਲੋਕਤੰਤਰ ਸਮਰਥਕ ਪ੍ਰਦਰਸ਼ਨ ਉਸ ਸਮੇਂ ਹਿੰਸਕ ਹੋ ਗਿਆ ਜਦ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਪੈਟਰੋਲ ਬੰਬ ਮਾਰੇ। ਪ੍ਰਦਰਸ਼ਨਕਾਰੀਆਂ ਨੇ ਸੰਘਣੀ ਆਬਾਦੀ ਵਾਲੇ ਕੁਨ ਟੋਗ ਉਦਯੋਗਿਕ ਖੇਤਰ 'ਚ ਪੁਲਸ ਦੇ ਉਪਰ ਪੈਟਰੋਲ ਬੰਬ ਅਤੇ ਇੱਟਾਂ ਮਾਰੀਆਂ। ਪ੍ਰਦਰਸ਼ਨ ਕਾਰਣ ਐੱਮ. ਟੀ. ਆਰ. ਦੇ 4 ਸਬਵੇ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ। ਕੁਝ ਪ੍ਰਦਰਸ਼ਨਕਾਰੀਆਂ ਨੇ ਨਿਗਰਾਨੀ ਕਰਨ ਲਈ ਲੱਗੇ ਹੋਏ ਕੈਮਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਹੋਰ ਪ੍ਰਦਰਸ਼ਨਕਾਰੀਆਂ ਨੇ ਸੜਕ ਮਾਰਗਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

PunjabKesari

ਲੈਪਪੋਸਟ ਹਟਾਉਣ ਦੀ ਮੰਗ ਕਾਰਣ ਹਿੰਸਕ ਹੋਇਆ ਪ੍ਰਦਰਸ਼ਨ-

ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਨ ਤਰੀਕੇ ਨਾਲ ਸ਼ੁਰੂ ਹੋਇਆ, ਜਿਥੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਲੈਪਪੋਸਟ ਹਟਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਅਨੁਸਾਰ ਚੀਨੀ ਅਧਿਕਾਰੀਆਂ ਨੇ ਨਿਗਰਾਨੀ ਕਰਨ ਲਈ ਉੱਚ ਤਕਨੀਕ ਵਾਲੇ ਕੈਮਰੇ ਅਤੇ ਚਿਹਰਾ ਪਹਿਚਾਨਣ ਵਾਲੇ ਸਾਫ਼ਟਵੇਅਰ ਲਾਏ ਹੋਏ ਹਨ। ਗੌਰਤਲਬ ਹੈ ਕਿ ਇਹ ਪ੍ਰਦਰਸ਼ਨ ਜੂਨ 'ਚ ਇਕ ਹਵਾਲਗੀ ਨਾਲ ਸਬੰਧਿਤ ਬਿੱਲ ਨੂੰ ਵਾਪਸ ਲੈਣ ਨੂੰ ਲੈ ਕੇ ਸ਼ੁਰੂ ਹੋਏ ਸਨ, ਜਿਸ ਦੇ ਤਹਿਤ ਹਾਂਗਕਾਂਗ ਦੇ ਨਿਵਾਸੀਆਂ ਨੂੰ ਮੁਕੱਦਮੇ ਲਈ ਚੀਨ ਭੇਜਿਆ ਜਾ ਸਕਦਾ ਸੀ। ਫਿਲਹਾਲ ਇਸ ਬਿੱਲ ਉੱਤੇ ਰੋਕ ਲਾ ਦਿੱਤੀ ਗਈ ਹੈ।

PunjabKesari

ਲਗਾਤਾਰ ਦੂਸਰਾ ਦਿਨ ਪੁਲਸ-ਪ੍ਰਦਰਸ਼ਨਕਾਰੀਆਂ 'ਚ ਹੋਈ ਝੜਪ

ਹਾਂਗਕਾਂਗ ਦੇ ਇਕ ਬਾਹਰੀ ਜ਼ਿਲੇ ਵਿਚ ਲੋਕਤੰਤਰ ਸਮਰਥਕ ਮਾਰਚ ਕੱਢਣ ਤੋਂ ਬਾਅਦ ਐਤਵਾਰ ਨੂੰ ਲਗਾਤਾਰ ਦੂਸਰੇ ਦਿਨ ਇਥੇ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚ ਝੜਪ ਹੋਈ। ਵੱਡੀ ਸੰਖਿਆ 'ਚ ਪ੍ਰਦਰਸ਼ਨਕਾਰੀ ਜਿਥੇ ਇਕ ਨਜ਼ਦੀਕੀ ਪਾਰਕ ਵਿਚ ਇਕੱਠੇ ਹੋਏ ਸਨ, ਉਥੇ ਹੀ ਪ੍ਰਦਰਸ਼ਨਕਾਰੀਆਂ ਦਾ ਇਕ ਸਮੂਹ ਮੁੱਖ ਸੜਕ 'ਤੇ ਸੀ, ਜੋ ਆਵਾਜਾਈ ਨੂੰ ਰੋਕ ਰਿਹਾ ਸੀ।

ਚਿਤਾਵਨੀ ਦੇ ਸੰਕੇਤ ਦਿਖਾਉਣ ਤੋਂ ਬਾਅਦ ਪੁਲਸ ਨੇ ਭੀੜ ਨੂੰ ਤਿੱਤਰ-ਬਿਤਰ ਕਰਨ ਲਈ ਹੰਝੂ ਗੈਸ ਗੋਲਿਆਂ ਦਾ ਇਸਤੇਮਾਲ ਕੀਤਾ। ਇਸ ਦੇ ਜਵਾਬ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਉਤੇ ਪਥਰਾਓ ਕੀਤਾ, ਜਿਸ ਤੋਂ ਬਾਅਦ ਇਹ ਜਗ੍ਹਾ ਪੱਥਰਾਂ ਨਾਲ ਭਰ ਗਈ। ਇਸ ਝੜਪ ਤੋਂ ਪਹਿਲਾਂ ਹਾਂਗਕਾਂਗ 'ਚ ਲੋਕਤੰਤਰ ਦੇ ਸਮਰਥਨ ਵਿਚ ਨਵੇਂ ਪ੍ਰਦਰਸ਼ਨ ਦੇ ਤਹਿਤ ਹਜ਼ਾਰਾਂ ਪ੍ਰਦਰਸ਼ਨਕਾਰੀ ਮੀਂਹ ਦੇ ਵਿਚ ਹੱਥਾਂ 'ਚ ਛੱਤਰੀਆਂ ਫੜੀ ਮਾਰਚ ਵਿਚ ਸ਼ਾਮਲ ਹੋਣ ਪਹੁੰਚੇ। ਕੋਉਲੂਨ ਬੇ ਵਿਚ ਬੀਤੇ ਦਿਨ ਵੀ ਝੜਪ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਇਕ ਵੱਡੇ ਸਮੂਹ ਦੀ ਪੁਲਸ ਨਾਲ ਝੜਪ ਹੋਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਉੱਤੇ ਜਗ੍ਹਾ-ਜਗ੍ਹਾ 'ਤੇ ਬੈਰੀਕੇਡ ਲਾਏ ਅਤੇ ਅੱਗ ਲਾਈ।


Related News