US ਤੇ ਆਸਟ੍ਰੇਲੀਆ ਨੇ ਹਾਂਗਕਾਂਗ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਕੀਤਾ ਅਲਰਟ
Thursday, Aug 08, 2019 - 02:51 PM (IST)

ਵਾਸ਼ਿੰਗਟਨ— ਅਮਰੀਕੀ ਅਤੇ ਆਸਟ੍ਰੇਲੀਆ ਸਰਕਾਰ ਨੇ ਹਾਂਗਕਾਂਗ 'ਚ ਲੋਕਤੰਤਰ ਸਮਰਥਕ ਪ੍ਰਦਰਸ਼ਨਾਂ ਦੇ ਚੱਲਦਿਆਂ ਹਿੰਸਾ ਵਧਣ ਦੇ ਕਾਰਣ ਵੀਰਵਾਰ ਨੂੰ ਆਪਣੇ ਨਾਗਰਿਕਾਂ ਨੂੰ ਚੀਨ ਦੇ ਇਸ ਸ਼ਹਿਰ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਅਲਰਟ ਦੇ ਲੈਵਲ ਨੂੰ ਦੂਜੇ ਪੱਧਰ ਤਕ ਵਧਾ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੂਜੇ ਲੈਵਲ ਦੀ ਟ੍ਰੈਵਲ ਐਡਵਾਇਜ਼ਰੀ ਜਾਰੀ ਕਰਦੇ ਹੋਏ ਹਾਂਗਕਾਂਗ 'ਚ ਬਣੀ ਹੋਈ ਅਸ਼ਾਂਤੀ ਕਾਰਨ ਆਪਣੇ ਨਾਗਰਿਕਾਂ ਨੂੰ ਜ਼ਿਆਦਾ ਅਲਰਟ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਭੀੜ ਵਾਲੇ ਸਥਾਨਾਂ 'ਤੇ ਨਾ ਜਾਣ ਅਤੇ ਪ੍ਰਦਰਸ਼ਨ ਵਾਲੇ ਇਲਾਕੇ 'ਚ ਅਚਾਨਕ ਪੁੱਜਣ 'ਤੇ ਅਲਰਟ ਰਹਿਣ ਦੀ ਅਪੀਲ ਕੀਤੀ ਹੈ।
ਹਾਂਗਕਾਂਗ 'ਚ ਪ੍ਰਦਰਸ਼ਨ ਦੋ ਮਹੀਨੇ ਪਹਿਲਾਂ ਇਕ ਪ੍ਰਸਤਾਵਿਤ ਹਵਾਲਗੀ ਬਿੱਲ ਨੂੰ ਲੈ ਕੇ ਸ਼ੁਰੂ ਹੋਇਆ ਸੀ। ਇਸ ਪ੍ਰਸਤਾਵ 'ਚ ਸ਼ੱਕੀਆਂ ਨੂੰ ਚੀਨ ਹਵਾਲਗੀ ਕਰਨ ਦਾ ਨਿਯਮ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸ਼ੱਕੀਆਂ ਨੂੰ ਚੀਨ ਹਵਾਲਗੀ ਕਰਨ 'ਤੇ ਉਨ੍ਹਾਂ ਨੂੰ ਤਸ਼ੱਦਦ ਦਿੱਤੇ ਜਾਣ ਅਤੇ ਗਲਤ ਤਰੀਕੇ ਨਾਲ ਮੁਕੱਦਮਿਆਂ 'ਚ ਫਸਾਏ ਜਾਣ ਦਾ ਸ਼ੱਕ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵਲੋਂ ਹੋਰ ਵੀ ਕਈ ਮੰਗਾਂ ਮਨਵਾਉਣ ਲਈ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਪੁਲਸ ਇਨ੍ਹਾਂ ਨੂੰ ਹਟਾਉਣ ਲਈ ਹੰਝੂ ਗੈਸ ਦੀ ਵਰਤੋਂ ਕਰ ਰਹੀ ਹੈ। ਪੁਲਸ ਨਾਲ ਕਈ ਪ੍ਰਦਰਸ਼ਨਕਾਰੀਆਂ ਦੀ ਝੜਪ ਵੀ ਹੋ ਚੁੱਕੀ ਹੈ ਤੇ ਪੁਲਸ ਕਈਆਂ ਨੂੰ ਹਿਰਾਸਤ 'ਚ ਲੈ ਚੁੱਕੀ ਹੈ।