ਰਾਵਲਪਿੰਡੀ ਦੀ ਲਾਲ ਹਵੇਲੀ 7 ਦਿਨਾਂ ’ਚ ਖਾਲੀ ਕਰੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ : ਅਦਾਲਤ
Tuesday, Oct 18, 2022 - 02:10 AM (IST)
ਗੁਰਦਾਸਪੁਰ/ਰਾਵਲਪਿੰਡੀ (ਵਿਨੋਦ)-ਰਾਵਲਪਿੰਡੀ ਦੇ ਬੋਹੜ ਬਾਜ਼ਾਰ ’ਚ ਸਥਿਤ ਵਿਸ਼ਾਲ ਲਾਲ ਹਵੇਲੀ, ਜਿਸ ਦੀ ਮਾਲਕ ਇਕ ਹਿੰਦੂ ਔਰਤ ਸੀ ਪਰ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਸਾਲ 1980 ’ਚ ਨਾਜਾਇਜ਼ ਕਬਜ਼ਾ ਕਰ ਕੇ ਉਥੇ ਆਪਣਾ ਰਾਜਨੀਤਕ ਦਫਤਰ ਖੋਲ੍ਹ ਰੱਖਿਆ ਸੀ। ਅੱਜ ਸੈਸ਼ਨ ਜੱਜ ਰਾਵਲਪਿੰਡੀ ਨੇ ਪਾਕਿਸਤਾਨ ਵਕਫ ਬੋਰਡ ਨੂੰ ਆਦੇਸ਼ ਦਿੱਤਾ ਹੈ ਕਿ ਉਹ 7 ਦਿਨਾਂ ’ਚ ਇਸ ਹਵੇਲੀ ਅਤੇ ਹਵੇਲੀ ਦੇ ਨਾਲ ਲੱਗਦੇ ਮੰਦਰ ਅਤੇ ਹੋਰ ਜਾਇਦਾਦ ਨੂੰ ਖਾਲੀ ਕਰਵਾਏ।
ਵਕਫ ਬੋਰਡ ਨੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਹਵੇਲੀ ਨੂੰ 7 ਦਿਨਾਂ ’ਚ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ। ਹਵੇਲੀ ਦੇ ਨਾਲ ਲੱਗਦੀ ਮੰਦਰ ਦੀ ਜ਼ਮੀਨ ’ਤੇ ਵੀ 7 ਪਰਿਵਾਰਾਂ ਨੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ ਅਤੇ ਮੰਦਰ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਹੈ। ਇਨ੍ਹਾਂ ਨਾਜਾਇਜ਼ ਕਬਜ਼ਾ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਮੰਦਰ ਦੀ ਜ਼ਮੀਨ ਛੱਡਣ ਨੂੰ ਤਿਆਰ ਹਨ ਪਰ ਸਾਨੂੰ ਸਮਾਂ ਦਿੱਤਾ ਜਾਵੇ। ਉਥੇ, ਸ਼ੇਖ ਰਸ਼ੀਦ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਨੋਟਿਸ ਨਹੀਂ ਮਿਲਿਆ ਹੈ ਪਰ ਨੋਟਿਸ ਮਿਲਣ ਤੋਂ ਬਾਅਦ ਉਹ ਉੱਚ ਅਦਾਲਤ ’ਚ ਅਪੀਲ ਦਾਇਰ ਕਰਨਗੇ।