100 ਸਾਲ ਪੁਰਾਣੇ ਮੰਦਰ ’ਚ ਭੰਨ-ਤੋੜ ਨੂੰ ਲੈ ਕੇ ਦੁਨੀਆ ਦੇ ਨਿਸ਼ਾਨੇ ’ਤੇ ਸੀ ਪਾਕਿ, ਹੁਣ 200 ਸ਼ਰਧਾਲੂਆਂ ਨੇ ਕੀਤੇ ਦਰਸ਼ਨ
Sunday, Jan 02, 2022 - 05:32 PM (IST)
ਪੇਸ਼ਾਵਰ— ਭਾਰਤ, ਅਮਰੀਕਾ ਅਤੇ ਖਾੜੀ ਖੇਤਰ ਦੇ 200 ਤੋਂ ਵੱਧ ਹਿੰਦੂ ਤੀਰਥ ਯਾਤਰੀਆਂ ਨੇ ਸ਼ਨੀਵਾਰ ਨੂੰ ਉੱਤਰੀ-ਪੱਛਮੀ ਪਾਕਿਸਤਾਨ ’ਚ 100 ਸਾਲ ਪੁਰਾਣੇ ਮਹਾਰਾਜ ਪਰਮਹੰਸ ਜੀ ਮੰਦਰ ਵਿਚ ਦਰਸ਼ਨ ਕੀਤੇ। ਇਸ ਦੌਰਾਨ ਸੁਰੱਖਿਆ ਲਈ 600 ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ ਦੇ ਤੇਰੀ ਪਿੰਡ ਵਿਚ ਪਰਮਹੰਸ ਜੀ ਦੇ ਮੰਦਰ ਅਤੇ ਸਮਾਧੀ ਦਾ ਪਿਛਲੇ ਸਾਲ ਨਵੀਨੀਕਰਨ ਕੀਤਾ ਗਿਆ ਸੀ।
ਭੀੜ ਨੇ ਮੰਦਰ ’ਚ ਕੀਤੀ ਸੀ ਭੰਨ-ਤੋੜ-
ਮੰਦਰ ਆਏ ਵਿਦੇਸ਼ ਹਿੰਦੂ ਤੀਰਥ ਯਾਤਰੀਆਂ ’ਚ ਭਾਰਤ ਦੇ 200 ਅਤੇ ਦੁਬਈ ਦੇ ਕਰੀਬ 15 ਤੀਰਥ ਯਾਤਰੀ ਸਨ। ਬਾਕੀ ਸ਼ਰਧਾਲੂ ਅਮਰੀਕਾ ਅਤੇ ਹੋਰ ਖਾੜੀ ਸੂਬਿਆਂ ਤੋਂ ਆਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਤੀਰਥ ਯਾਤਰੀ ਵਾਹਗਾ ਬਾਰਡਰ ਪਾਰ ਕਰ ਕੇ ਪਾਕਿਸਤਾਨ ਪਹੁੰਚੇ ਅਤੇ ਹਥਿਆਰਬੰਦ ਦਸਤੇ ਉਨ੍ਹਾਂ ਨੂੰ ਮੰਦਰ ਤੱਕ ਲੈ ਕੇ ਆਏ। ਦਰਅਸਲ ਤੇਰੀ ਪਿੰਡ ਸਥਿਤ ਪਰਮਹੰਸ ਜੀ ਦੇ ਮੰਦਰ ਅਤੇ ਸਮਾਧੀ ਦੀ 2020 ’ਚ ਜਮੀਅਤ ਉਲੇਮਾ-ਏ-ਇਸਲਾਮ ਫ਼ਜਲ ਦੇ ਕੁਝ ਮੈਂਬਰਾਂ ਨੇ ਭੰਨ-ਤੋੜ ਦਿੱਤਾ ਸੀ, ਜਿਸ ਦੀ ਕੌਮਾਂਤਰੀ ਪੱਧਰ ’ਤੇ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਮੰਦਰ ਦੀ ਮੁਰੰਮਤ ਕੀਤੀ ਗਈ ਸੀ।
ਤੇਰੀ ਪਿੰਡ ’ਚ ਹੋਇਆ ਸੀ ਮਹਾਰਾਜ ਪਰਮਹੰਸ ਦਾ ਦਿਹਾਂਤ-
ਓਧਰ ਹਿੰਦੂ ਭਾਈਚਾਰੇ ਦੇ ਕਾਨੂੰਨੀ ਮਾਮਲਿਆਂ ਦੇ ਮੁਖੀ ਰੋਹਿਤ ਕੁਮਾਰ ਨੇ ਮੰਦਰ ਦੀ ਮੁਰੰਮਤ ਅਤੇ ਉੱਥੇ ਦਰਸ਼ਨ ਦੀ ਵਿਵਸਥਾ ਲਈ ਪਾਕਿਸਤਾਨ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਆਏ ਯਾਤਰੀਆਂ ਨੇ ਮੰਦਰ ’ਚ ਅੱਜ ਜੋ ਪੂਜਾ ਕੀਤੀ, ਉਸ ਨਾਲ ਭਾਰਤ ਵਿਚ ਸਕਾਰਾਤਮਕ ਸੰਦੇਸ਼ ਜਾਵੇਗਾ। ਇਸ ਪ੍ਰੋਗਰਾਮ ਦਾ ਆਯੋਜਨ ਪਾਕਿਸਤਾਨ ਹਿੰਦੂ ਪਰੀਸ਼ਦ ਵਲੋਂ ‘ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼’ ਦੇ ਸਹਿਯੋਗ ਨਾਲ ਕੀਤਾ ਗਿਆ। ਮਹਾਰਾਜ ਪਰਮਹੰਸ ਜੀ ਨੇ 1919 ’ਚ ਤੇਰੀ ਪਿੰਡ ਵਿਚ ਆਖ਼ਰੀ ਸਾਹ ਲਿਆ ਸੀ।