US ''ਚ ਹਿੰਦੂ ਮੰਦਰ ਨੇ ਕੀਤਾ ਸ਼ਰਮਨਾਕ ਕਾਰਾ, ਸੈਂਕੜੇ ਲੋਕਾਂ ਤੋਂ ਕਰਵਾਈ ਜ਼ਬਰਦਸਤੀ ਮਜ਼ਦੂਰੀ

Thursday, May 13, 2021 - 02:16 AM (IST)

US ''ਚ ਹਿੰਦੂ ਮੰਦਰ ਨੇ ਕੀਤਾ ਸ਼ਰਮਨਾਕ ਕਾਰਾ, ਸੈਂਕੜੇ ਲੋਕਾਂ ਤੋਂ ਕਰਵਾਈ ਜ਼ਬਰਦਸਤੀ ਮਜ਼ਦੂਰੀ

ਫਰਿਜ਼ਨੋ (ਗੁਰਿੰਦਰਜੀਤ) - ਅਮਰੀਕਾ ਦੇ ਨਿਊਜਰਸੀ ਸਥਿਤ ਇਕ ਹਿੰਦੂ ਮੰਦਿਰ ਨੇ ਇਕ ਸ਼ਰਮਨਾਕ ਕੰਮ ਕਰਦਿਆਂ ਭਾਰਤੀ ਲੋਕਾਂ ਤੋਂ ਹੀ ਜਬਰਦਸਤੀ ਮਜ਼ਦੂਰੀ ਕਰਵਾਈ ਹੈ। ਅਮਰੀਕੀ ਏਜੰਸੀ ਐੱਫ. ਬੀ. ਆਈ. ਨੇ ਹੋਰ ਵਿਭਾਗਾਂ ਸਣੇ ਮੰਗਲਵਾਰ ਨਿਊਜਰਸੀ ਦੇ ਇਕ ਵਿਸ਼ਾਲ ਹਿੰਦੂ ਮੰਦਰ ਵਿਚ ਛਾਪਾ ਮਾਰਿਆ ਅਤੇ ਮੰਦਿਰ 'ਤੇ ਕਮਿਊਨਿਟੀ ਦੇ ਭਾਰਤੀ ਮਰਦਾਂ ਅਮਰੀਕਾ ਵਿਚ ਲਿਜਾਣ ਅਤੇ ਇਕ ਹਫ਼ਤੇ ਵਿਚ ਤਕਰੀਬਨ 90 ਘੰਟੇ ਕੰਮ ਕਰਨ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਹੈ।

ਨਿਊਜਰਸੀ ਵਿਚ ਸਥਿਤ ਬੋਚਸਨਵਾਸੀ ਅਖਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ, ਜੋ ਇਕ ਹਿੰਦੂ ਸੰਪਰਦਾ ਹੈ ਅਤੇ ਬੀ. ਏ. ਪੀ. ਐੱਸ. ਵਜੋਂ ਜਾਣਿਆ ਜਾਂਦਾ ਹੈ, ਦੇ ਸੰਚਾਲਕਾਂ 'ਤੇ ਮੰਗਲਵਾਰ ਸੰਘੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿਚ ਜ਼ਬਰਦਸਤੀ ਮਜ਼ਦੂਰੀ, ਤਸੱਕਰੀ ਅਤੇ ਤਨਖਾਹ ਚੋਰੀ ਆਦਿ ਦੋਸ਼ ਲਗਾਏ ਗਏ ਹਨ। ਐੱਫ. ਬੀ. ਆਈ. ਮੁਤਾਬਕ ਨਿਊਜਰਸੀ ਦੀ ਜ਼ਿਲ੍ਹਾ ਅਦਾਲਤ ਵਿਚ 6 ਨਾਮਜ਼ਦ ਮਜ਼ਦੂਰਾਂ ਵੱਲੋਂ ਦਾਇਰ ਮੁਕੱਦਮੇ ਤਹਿਤ ਘੱਟੋ-ਘੱਟ 200 ਭਾਰਤੀ ਨਾਗਰਿਕ ਜੋ ਰਾਬਬਿਨਸਵਿੱਲੇ ਦੇ ਮੰਦਰ ਵਿਚ ਕੰਮ ਕਰਦੇ ਹਨ ਜਾਂ ਕੰਮ ਕਰਦੇ ਸਨ, ਇਸ ਦਾ ਹਿੱਸਾ ਹੋਣਗੇ। ਇਸ ਸੰਸਥਾ ਦੇ ਕਈ ਲੋਕਾਂ 'ਤੇ ਦੋਸ਼ ਹਨ ਕਿ ਉਹ ਨਿਊਜਰਸੀ ਆਉਣ ਅਤੇ ਹਰ ਹਫ਼ਤੇ ਤਕਰੀਬਨ 87 ਘੰਟੇ ਪ੍ਰਤੀ ਮਹੀਨਾ 450 ਡਾਲਰ, ਜਾਂ 1.20 ਡਾਲਰ ਪ੍ਰਤੀ ਘੰਟਾ ਦੇ ਲਈ ਮੰਦਰ ਬਣਾਉਣ ਵਿਚ ਮਦਦ ਕਰਨ ਲਈ ਮਰਦਾਂ ਨੂੰ ਭਰਤੀ ਕਰਦੇ ਸਨ।

ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਬਚਾਅ ਪੱਖ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਅਤੇ ਹੋਰਨਾਂ  ਭਾਈਚਾਰਿਆਂ ਦੇ ਮੈਂਬਰਾਂ ਨੂੰ ਮੰਦਰ ਵਿਚ ਕੰਮ ਕਰਨ ਦਾ ਲਾਲਚ ਦਿੱਤਾ, ਜੋ ਅਜੇ ਨਿਰਮਾਣ ਅਧੀਨ ਹੈ। ਮੁਕੱਦਮੇ ਮੁਤਾਬਕ ਲੋਕਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਸਨ, ਅਤੇ ਕਾਮੇ ਇਕ ਕੰਪਾਊਂਡ ਵਿਚ ਰਹਿ ਰਹੇ ਸਨ। ਅਟਾਰਨੀ ਕਾਕਲੇਕ ਨੇ ਕਿਹਾ ਕਿ ਇਹ ਸਥਿਤੀ ਇਕ "ਲੇਬਰ ਟਰੈਫਿਕਿੰਗ" ਕੇਸ ਹੈ ਅਤੇ ਮਜ਼ਦੂਰਾਂ 'ਤੇ ਦਰਜਨਾਂ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾਂਦੀ ਸੀ ਅਤੇ ਨਿਯਮਾਂ ਨੂੰ ਤੋੜਨ ਲਈ ਜੁਰਮਾਨੇ ਦੀ ਧਮਕੀ ਵੀ ਦਿੱਤੀ ਜਾਂਦੀ ਸੀ। ਇਹ ਮੁਕੱਦਮਾ ਦਾਅਵਾ ਕਰਦਾ ਹੈ ਕਿ ਮਜ਼ਦੂਰਾਂ ਨੂੰ ਮਈ 2011 ਤੋਂ ਧਾਰਮਿਕ ਵਰਕਰਾਂ ਅਤੇ ਵਾਲੰਟੀਅਰਾਂ ਦੇ ਵੀਜ਼ੇ 'ਤੇ ਝੂਠੇ ਤੌਰ 'ਤੇ ਅਮਰੀਕਾ ਲਿਆਂਦਾ ਗਿਆ ਹੈ ਅਤੇ ਇਹ ਮੁਕੱਦਮਾ ਮਜ਼ਦੂਰਾਂ ਲਈ ਅਦਾਇਗੀ, ਦਿਹਾੜੀ ਅਤੇ ਹਰਜਾਨੇ ਲਈ ਪੈਸੇ ਦੀ ਮੰਗ ਕਰਦਾ ਹੈ। ਜਦਕਿ ਬੀ. ਏ. ਪੀ. ਐੱਸ. ਦੇ ਬੁਲਾਰਿਆਂ ਮੁਤਾਬਕ ਉਠਾਏ ਗਏ ਮਸਲਿਆਂ ਦੀ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ।


author

Khushdeep Jassi

Content Editor

Related News