''ਮੇਲੋਨੀ ਨੇ ਫੋਟੋ ਲਈ ਪਾਈਆਂ ਮਿੰਨਤਾਂ, ਪਰ ਮੈਂ...'', ਡੋਨਾਲਡ ਟਰੰਪ ਨੇ ਮੁੜ ਕੀਤਾ ਦਾਅਵਾ
Saturday, Jun 20, 2026 - 06:31 PM (IST)
ਵਾਸ਼ਿੰਗਟਨ/ਰੋਮ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵਿਚਾਲੇ ਡਿਪਲੋਮੈਟਿਕ ਵਿਵਾਦ ਉਸ ਸਮੇਂ ਡੂੰਘਾ ਹੋ ਗਿਆ ਜਦੋਂ ਟਰੰਪ ਨੇ ਦਾਅਵਾ ਕੀਤਾ ਕਿ ਮੇਲੋਨੀ ਨੇ ਫਰਾਂਸ ਵਿੱਚ ਹੋਏ ਜੀ-7 ਸੰਮੇਲਨ ਦੌਰਾਨ ਆਪਣੀ ਲੋਕਪ੍ਰਿਯਤਾ ਵਧਾਉਣ ਲਈ ਉਹਨਾਂ ਨਾਲ ਫੋਟੋ ਖਿਚਵਾਉਣ ਦੀ ਵਾਰ-ਵਾਰ ਬੇਨਤੀ ਕੀਤੀ ਸੀ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਲਿਖਿਆ ਕਿ ਮੇਲੋਨੀ ਨੇ ਉਹਨਾਂ ਅੱਗੇ ਫੋਟੋ ਲਈ "ਤਰਲੇ" ਪਾਏ ਸਨ, ਪਰ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਇਸ ਤੋਂ ਪਹਿਲਾਂ ਵੀ ਡੋਨਾਲਡ ਟਰੰਪ ਇਕ ਇੰਟਰਵਿਊ ਦੌਰਾਨ ਇਹ ਗੱਲ ਕਹਿ ਚੁੱਕੇ ਹਨ।

ਟਰੰਪ ਨੇ ਮੇਲੋਨੀ ਦੀ ਇਟਲੀ ਵਿੱਚ ਘਟ ਰਹੀ ਲੋਕਪ੍ਰਿਯਤਾ ਦਾ ਸਬੰਧ ਈਰਾਨ ਪ੍ਰਮਾਣੂ ਮੁੱਦੇ 'ਤੇ ਅਮਰੀਕਾ ਦਾ ਸਾਥ ਨਾ ਦੇਣ ਨਾਲ ਜੋੜਿਆ ਹੈ। ਉਹਨਾਂ ਇਟਲੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਮਰੀਕਾ ਇਟਲੀ ਦੀ ਸੁਰੱਖਿਆ ਲਈ ਅਰਬਾਂ ਡਾਲਰ ਖਰਚਦਾ ਹੈ, ਫਿਰ ਵੀ ਮੇਲੋਨੀ ਸਰਕਾਰ ਨੇ ਅਮਰੀਕੀ ਜਹਾਜ਼ਾਂ ਨੂੰ ਇਟਲੀ ਦੇ ਰਨਵੇਅ ਜਾਂ ਲੈਂਡਿੰਗ ਸਟ੍ਰਿਪਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਜੋ ਕਿ ਇੱਕ ਵੱਡੀ ਲੌਜਿਸਟਿਕਲ ਚੁਣੌਤੀ ਸੀ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਈਰਾਨ ਨੂੰ ਫੌਜੀ ਤੌਰ 'ਤੇ ਹਰਾਉਣ ਤੋਂ ਬਾਅਦ ਹੁਣ ਮੇਲੋਨੀ ਦੁਬਾਰਾ ਦੋਸਤੀ ਕਰਨਾ ਚਾਹੁੰਦੀ ਹੈ, ਜਿਸ ਲਈ ਉਹਨਾਂ ਨੇ "ਨੋ ਥੈਂਕਸ" ਕਹਿ ਦਿੱਤਾ ਹੈ।
ਦੂਜੇ ਪਾਸੇ, ਇਤਾਲਵੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਇਹਨਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਟਰੰਪ 'ਤੇ ਕਹਾਣੀਆਂ ਘੜਨ ਦਾ ਦੋਸ਼ ਲਗਾਇਆ ਹੈ। ਮੇਲੋਨੀ ਨੇ ਕਿਹਾ, "ਡੋਨਾਲਡ ਟਰੰਪ ਦੇ ਬਿਆਨ ਪੂਰੀ ਤਰ੍ਹਾਂ ਮਨਘੜਤ ਹਨ। ਮੈਂ ਹੈਰਾਨ ਹਾਂ ਕਿ ਅਮਰੀਕਾ ਦਾ ਰਾਸ਼ਟਰਪਤੀ ਆਪਣੇ ਸਹਿਯੋਗੀਆਂ ਨਾਲ ਅਜਿਹਾ ਵਿਵਹਾਰ ਕਿਉਂ ਕਰ ਰਿਹਾ ਹੈ"। ਉਹਨਾਂ ਅੱਗੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਸ਼ਟਰਪਤੀ ਨੇ ਅਜਿਹਾ ਵਤੀਰਾ ਦਿਖਾਇਆ ਹੋਵੇ।
ਇਸ ਘਟਨਾ ਨੇ ਦੋਵਾਂ ਨਾਟੋ (NATO) ਸਹਿਯੋਗੀਆਂ ਵਿਚਾਲੇ ਸਬੰਧਾਂ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ, ਖਾਸ ਕਰਕੇ ਅਜਿਹੇ ਸਮੇਂ ਜਦੋਂ ਅੰਤਰਰਾਸ਼ਟਰੀ ਸੁਰੱਖਿਆ ਮੁੱਦਿਆਂ 'ਤੇ ਸਹਿਯੋਗ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
