ਕਰੇਮੋਨਾ ਵਿਖੇ ਹੋਇਆ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਬਰਸੀ ਸਮਾਗਮ

Tuesday, Jun 23, 2026 - 01:49 PM (IST)

ਕਰੇਮੋਨਾ ਵਿਖੇ ਹੋਇਆ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਬਰਸੀ ਸਮਾਗਮ

ਕਰੇਮੋਨਾ (ਕੈਂਥ) ਪਰਉਪਕਾਰ ਦੀ ਮੂਰਤ, ਵਿੱਦਿਆ ਦੇ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਪੇਸੀਨਾ ਕਰੇਮੋਨੇਜੇ, ਤੌਰੇ, ਇਟਲੀ ਵਿਖੇ ਬਹੁਤ ਹੀ ਉਤਸਾਹ ਅਤੇ ਚੜ੍ਹਦੀ ਕਲਾ ਨਾਲ ਮਨਾਈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਤਾਂ ਦੀ ਬਰਸੀ ਸਬੰਧੀ ਸਮਾਗਮ ਉਲੀਕੇ ਗਏ ਸਨ। ਜਿਨਾਂ ਵਿੱਚ ਭੋਗ ਤੋਂ ਉਪਰੰਤ ਸਜੇ ਦੀਵਾਨਾਂ ਵਿੱਚ ਹਜ਼ੂਰੀ ਢਾਡੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਭਾਗੋਵਾਲ ਨੇ ਸੰਤਾਂ ਦੇ ਜੀਵਨ, ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਵਾਰਾਂ ਰਾਹੀਂ ਆਪਣੇ ਵਿਲੱਖਣ ਅੰਦਾਜ਼ ਵਿੱਚ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ। 

ਉਹਨਾਂ ਤੋਂ ਉਪਰੰਤ ਭਾਈ ਦਮਨ ਜੋਤ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਬਰਸੀ ਸਮਾਗਮ ਮਨਾਉਂਦਿਆਂ ਸੰਗਤਾਂ ਵਿੱਚ ਭਾਰੀ ਉਤਸਾਹ ਸੀ ਅਤੇ ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰੀ। ਸਮਾਪਤੀ ਵੇਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ ਆਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਜਿਨਾਂ ਦੇ ਸਹਿਯੋਗ ਸਦਕਾ ਹਮੇਸ਼ਾ ਹੀ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਉਲੀਕੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਇਲਾਕਾ ਨਿਵਾਸੀ ਸੰਗਤਾਂ ਤਨ,ਮਨ ਤੇ ਧਨ ਕਰਕੇ ਹਮੇਸ਼ਾ ਹੀ ਵੱਧ ਚੜ ਕੇ ਇਹਨਾਂ ਗੁਰਮਤਿ ਸਮਾਗਮਾਂ ਵਿੱਚ ਹਿੱਸਾ ਲੈਂਦੀਆਂ ਹਨ। ਇਸ ਮੌਕੇ ਪਹੁੰਚੀਆਂ ਸਮੂਹ ਸੰਗਤਾਂ ਲਈ ਗੁਰੂ ਸਾਹਿਬ ਦੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
  
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News