ਇਟਲੀ ਪੁਲਸ ਦੀ ਇੱਕ ਹੋਰ ਮੱਲ , ਚੀਨੀ ਨੈੱਟਵਰਕ ਰਾਹੀਂ ਗੈਰ-ਕਾਨੂੰਨੀ ਧੰਦੇ ''ਚ ਸ਼ਰੀਕ 33 ਲੋਕਾਂ ''ਤੇ ਕੀਤੀ ਕਾਰਵਾਈ
Tuesday, Jun 16, 2026 - 05:38 PM (IST)
ਪਰਾਤੋ (ਦਲਵੀਰ ਸਿੰਘ ਕੈਂਥ)- ਇਟਲੀ ਪੁਲਸ ਨੇ ਦੇਸ਼ ਵਿਚੋਂ ਗੈਰ-ਕਾਨੂੰਨੀ ਧੰਦਿਆਂ ਅਤੇ ਬੰਦਿਆਂ ਨੂੰ ਨੱਥ ਪਾਉਣ ਮਿਸ਼ਨ ਤਹਿਤ ਸੂਬਾ ਤੁਸਕਾਨਾ ਦੇ ਸ਼ਹਿਰ ਪਰਾਤੋਂ ਵਿਖੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ, ਜਿਸ ਵਿੱਚ ਪੁਲਸ ਨੇ ਇੱਕ ਅਜਿਹੀ ਰੂਪੋਸ ਬੈਂਕ ਨੂੰ ਜਗ ਜ਼ਾਹਿਰ ਕੀਤਾ, ਜਿਹੜੀ ਕਿ ਇਟਲੀ ਵਿੱਚ ਗੈਰ-ਕਾਨੂੰਨੀ ਧੰਦਿਆਂ ਦੇ ਕੰਮਾਂ ਲਈ ਬਿਨ੍ਹਾਂ ਕਿਸੇ ਠੋਸ ਕਾਗਜ਼ੀ ਕਾਰਵਾਈ ਦੇ ਸਲਾਨਾ 100 ਮਿਲੀਅਨ ਯੂਰੋ ਤੱਕ ਦਾ ਭੁਗਤਾਨ ਕਰਦੀ ਸੀ।ਇਹ ਬੈਂਕ ਨਸ਼ੀਲੇ ਪਦਾਰਥਾਂ ਅਤੇ ਕਾਲੇ ਬਾਜ਼ਾਰ ਦੇ ਵਪਾਰ ਨੂੰ ਇਟਲੀ ਵਿੱਚ ਪ੍ਰਚੰਡ ਕਰ ਲਈ ਅਹਿਮ ਕੜੀ ਮੰਨੀ ਜਾ ਰਹੀ ਹੈ। ਜਿਸ ਦਾ ਸਬੰਧ ਇਟਲੀ ਦੇ ਮਾਫ਼ੀਆਂ ਨਾਲ ਸੀ ਤੇ ਇਸ ਨੂੰ ਚੀਨੀ ਨਾਗਰਿਕਾਂ ਦੁਆਰਾ ਚਲਾਇਆ ਜਾ ਰਿਹਾ ਸੀ।
ਬੈਂਕ ਇਤਾਲਵੀ ਅਤੇ ਅਲਬਾਨੀਅਨ ਸਮੂਹ ਦੇ ਨਾਲ-ਨਾਲ ਚਾਈਨਾ ਦੇ ਗੈਰ-ਕਾਨੂੰਨੀ ਸੰਗਠਨ ਲਈ ਵੀ ਕੰਮ ਕਰਦੀ ਸੀ।ਇਸ ਬੈਂਕ ਨੂੰ ਚਲਾਉਣ ਵਾਲਾ ਸੰਗਠਨ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਕਾਲੇ ਬਾਜ਼ਾਰ ਨਾਲ ਜੁੜੀਆਂ ਪੁਰਾਣੀਆਂ ਰਕਮਾਂ ਦਾ ਵੀ ਭੁਗਤਾਨ ਕਰਦਾ ਸੀ।ਇਸ ਗੌਰਖ ਧੰਦੇ ਨੂੰ ਕਾਬੂ ਕਰਨ ਵਿੱਚ ਫਿਰੈਂਸੇ ਦੇ ਐਂਟੀ ਮਾਫ਼ੀਆ ਡਾਇਰੈਕਟੋਰੇਟ ਦਾ ਵੱਡਾ ਐਕਸ਼ਨ ਰਿਹਾ।ਇਸ ਟੀਮ ਨੇ ਜਦੋਂ ਚਾਈਨੀ ਸੰਗਠਨ ਦੁਆਰਾ ਚਲਾਈ ਬੈਂਕ ਦੇ ਕੰਮਾਂ ਨੂੰ ਬਾਰੀਕੀ ਨਾਲ ਨਾਪਿਆ ਤਾਂ ਉਹ ਹੱਕੇ-ਬੱਕੇ ਰਹਿ ਗਏ ਕਿ ਕਿਵੇਂ ਇਹ ਬੈਂਕ ਅੰਦਰ ਖਾਤੇ ਗੈਰ-ਕਾਨੂੰਨੀ ਕਾਰੋਬਾਰ ਦਾ ਹੱਬ ਬਣੀ ਹੋਈ ਹੈ।ਚਾਈਨੀ ਸੰਗਠਨ ਦਾ ਨੈੱਟਵਰਕ ਪੂਰੀ ਇਟਲੀ ਸਰਗਰਮ ਸੀ ਜਿਹੜਾ ਕਿ ਦੇਸ਼ ਭਰ ਤੋਂ ਕਰਮ ਇੱਕਠੀ ਕਰਦਾ ਤੇ ਸੰਬਧਤ ਲੋਕਾਂ ਨੂੰ ਮੁਆਵਜ਼ਾ ਉਸ ਦੇ ਦੇਸ਼ ਵਿੱਚ ਦਿੰਦੇ ਸਨ ਤਾਂ ਜੋ ਉਹਨਾਂ ਦੀ ਆਮਦਨ ਨੂੰ ਸਰਕਾਰੀ ਅੱਖ ਤੇ ਟੈਕਸ ਤੋਂ ਬਚਾਇਆ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ- ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ ਬਾਹਰ ਕੱਢਣ ਦੀ ਤਿਆਰੀ
ਪੁਲਸ ਅਨੁਸਾਰ ਇਹ ਲੋਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਤਹਿਤ ਚਾਈਨਾ ਤੋਂ ਲੋਕਾਂ ਨੂੰ ਇਟਲੀ ਦੀ ਡੰਕੀ ਲੁਆਉਂਦੇ ਸਨ, ਜਿਸ ਅਨੁਸਾਰ ਪਹਿਲਾਂ ਬੰਦੇ ਚਾਈਨਾ ਤੋਂ ਸਰਬੀਆ ਫਿਰ ਹੰਗਰੀ ਤੇ ਫਿਰ ਸਲੋਵੇਨੀਆ ਆਉਂਦੇ ਸਨ। ਉਸ ਤੋਂ ਬਾਅਦ ਇਹ ਸੰਗਠਨ ਚਾਈਨੀ ਬੰਦਿਆਂ ਨੂੰ ਪੈਦਲ ਇਟਲੀ ਲਿਆਉਂਦੇ ਸਨ। ਇਸ ਕੰਮ ਲਈ ਇਹ ਸੰਗਠਨ ਪਰ ਵਿਅਕਤੀ 9500 ਯੂਰੋ ਲੈਂਦਾ ਸੀ। 41 ਲੋਕਾਂ ਨੂੰ ਪੁਲਸ ਨੇ ਗੈਰ-ਕਾਨੂੰਨੀ ਢੰਗ ਨਾਲ ਇਟਲੀ ਦਾਖਲ ਹੁੰਦਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਉਂਝ ਇਹ ਬੈਂਕ ਹਵਾਲਾ ਦਾ ਕੰਮ ਕਰਦੀ ਜਿਸ ਨੂੰ ਚਾਈਨਾ ਵਿੱਚ ਚੋਪ ਸਾਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਦਾ ਕੰਮ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣਾ ਹੈ। ਪੁਲਸ ਨੇ ਇਸ ਕਾਰਵਾਈ ਤਹਿਤ 60 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ ਕੀਤੀ ਹੈ ਉੱਥੇ 17 ਲੋਕਾਂ ਨੂੰ ਜੇਲ੍ਹ ਅਤੇ 16 ਲੋਕਾਂ ਨੂੰ ਘਰ ਵਿੱਚ ਨਜ਼ਰ ਬੰਦ ਕੀਤਾ ਹੈ ।ਇਟਲੀ ਪੁਲਸ ਇਸ ਰੂਪੋਸ ਬੈਂਕ ਦੀਆਂ ਕਈ ਹੋਰ ਪਰਤਾਂ ਨੂੰ ਹੋਲੀ -ਹੋਲੀ ਖੋਲ੍ਹਣ ਵਿੱਚ ਸਫ਼ਲ ਹੋ ਰਹੀ ਹੈ ਜਿਸ ਰਾਹੀ ਇਸ ਦਾ ਸੰਗਠਨ ਅਪਰਾਧ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਇਟਲੀ ਭਰ ਵਿੱਚ ਫੈਲਾਅ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
