ਭਾਰਤ ਦੌਰੇ ਤੋਂ ਪਹਿਲਾਂ ਪਾਕਿ ਪ੍ਰਧਾਨ ਮੰਤਰੀ ਨੇ ਕੀਤਾ ਹਸੀਨਾ ਨੂੰ ਫੋਨ
Thursday, Oct 03, 2019 - 07:28 PM (IST)

ਢਾਕਾ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਨੂੰ ਅਚਾਨਕ ਫੋਨ ਕੀਤਾ। ਅਧਿਕਾਰਿਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਕਸ਼ਮੀਰ ਮੁੱਦੇ ਨੂੰ ਲੈ ਕੇ ਖਾਨ ਭਾਰਤ ਵਿਰੋਧੀ ਮੁਹਿੰਮ ਚਲਾ ਰਹੇ ਹਨ। ਇਸੇ ਲੜੀ 'ਚ ਉਹ ਦੁਨੀਆਭਰ ਦੇ ਮੁਸਲਿਮ ਨੇਤਾਵਾਂ ਨਾਲ ਫੋਨ 'ਤੇ ਗੱਲ ਕਰ ਰਹੇ ਹਨ ਤੇ ਕਸ਼ਮੀਰ ਮੁੱਦੇ 'ਤੇ ਇਸਲਾਮਾਬਾਦ ਲਈ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹਸੀਨਾ ਦੇ ਪ੍ਰੈੱਸ ਸਕੱਤਰ ਅਹਿਸਾਨ ਉਲ ਕਰੀਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਖਾਨ ਨੇ ਬੁੱਧਵਾਰ ਨੂੰ ਫੋਨ ਕੀਤਾ ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੀਆਂ ਅੱਖਾਂ ਦੇ ਇਲਾਜ ਦੀ ਜਾਣਕਾਰੀ ਲਈ। ਹਸੀਨਾ ਦੀਆਂ ਅੱਖਾਂ ਦਾ ਹਾਲ ਹੀ 'ਚ ਲੰਡਨ 'ਚ ਆਪ੍ਰੇਸ਼ਨ ਹੋਇਆ ਸੀ। ਕਰੀਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਹਸੀਨਾ ਨੇ ਖਾਨ ਦਾ ਧੰਨਵਾਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਖਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਪਹਿਲੀ ਵਾਰ ਦੋਵਾਂ ਨੇਤਾਵਾਂ ਵਿਚਾਲੇ ਇਸ ਤਰ੍ਹਾਂ ਗੱਲ ਹੋਈ। ਹਸੀਨਾ ਵੀਰਵਾਰ ਨੂੰ ਨਵੀਂ ਦਿੱਲੀ ਪਹੁੰਚੀ। ਉਹ ਇਥੇ ਵਿਸ਼ਵ ਆਰਥਿਕ ਫੋਰਮ ਦੇ ਭਾਰਤ ਆਰਥਿਕ ਸੰਮੇਲਨ 'ਚ ਸ਼ਾਮਲ ਹੋਣ ਲਈ ਚਾਰ ਦਿਨਾਂ ਦੇ ਭਾਰਤ ਦੌਰੇ 'ਤੇ ਆਈ ਹੈ।