ਹਸੀਨਾ ਨੇ ਗ੍ਰਹਿ ਮੰਤਰੀ ਨੂੰ ਦਿੱਤਾ ਨਿਰਦੇਸ਼, ਹਿੰਦੂਆਂ ''ਤੇ ਹਮਲਾ ਕਰਨ ਵਾਲਿਆਂ ਵਿਰੁੱਧ ਹੋਵੇ ਸਖ਼ਤ ਕਾਰਵਾਈ

10/19/2021 5:24:40 PM

ਢਾਕਾ (ਵਾਰਤਾ)- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੁਰਗਾ ਪੂਜਾ ਦੌਰਾਨ ਹਿੰਦੂ ਭਾਈਚਾਰੇ ਦੇ ਘਰਾਂ ਅਤੇ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ। ਬੰਗਲਾਦੇਸ਼ ਦੀ ਸੱਤਾਧਾਰੀ ਅਵਾਮੀ ਲੀਗ ਨੇ ਮੰਗਲਵਾਰ ਨੂੰ ਫਿਰਕੂ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਖ਼ਿਲਾਫ਼ ਦੇਸ਼ ਭਰ ਵਿਚ ਰੈਲੀਆਂ ਅਤੇ ਸ਼ਾਂਤੀ ਜਲੂਸ ਕੱਢੇ ਅਤੇ ਸ਼ੇਖ ਹਸੀਨਾ ਦਾ ਨਿਰਦੇਸ਼ ਵੀ ਇਸੇ ਦੌਰਾਨ ਆਇਆ ਹੈ।

ਡੇਲੀ ਸਟਾਰ ਦੀ ਰਿਪੋਰਟ ਅਨੁਸਾਰ ਕੈਬਨਿਟ ਸਕੱਤਰ ਖਾਂਡਕਰ ਅਨਵਰੁਲ ਇਸਲਾਮ ਨੇ ਅੱਜ ਕੈਬਨਿਟ ਦੀ ਹਫ਼ਤਾਵਾਰੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੀਮਤੀ ਹਸੀਨਾ ਨੇ ਗ੍ਰਹਿ ਮੰਤਰੀ ਨੂੰ ਨਿਰਪੱਖ ਜਾਂਚ ਰਾਹੀਂ ਹਮਲੇ ਦੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਆਪਣੀ ਸਰਕਾਰੀ ਰਿਹਾਇਸ਼ ਗੋਨੋ ਭਵਨ ਤੋਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦਿਸ਼ਾ ਵਿਚ ਇਕ ਹੋਰ ਕਦਮ ਚੁੱਕਦੇ ਹੋਏ ਅਵਾਮੀ ਲੀਗ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਨੇ ਮੰਗਲਵਾਰ ਨੂੰ ਪਾਰਟੀ ਵਰਕਰਾਂ ਨੂੰ ਫਿਰਕੂ ਤਾਕਤਾਂ ਦੇ ਵਿਰੁੱਧ ਟਾਕਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਪਾਰਟੀ ਦੀ ਰੈਲੀ ਦੌਰਾਨ ਕਿਹਾ, 'ਅਸੀਂ ਦੇਸ਼ ਦੇ ਲੋਕਾਂ ਦੇ ਨਾਲ ਮਿਲ ਕੇ ਸ਼ੇਖ ਹਸੀਨਾ ਦੀ ਅਗਵਾਈ ਵਿਚ ਫਿਰਕੂ ਹਿੰਸਾ ਦੇ ਵਿਰੁੱਧ ਖੜ੍ਹੇ ਹੋਵਾਂਗੇ।'

ਢਾਕਾ ਦੇ ਬੰਗਬਾਧੂ ਐਵੇਨਿ 'ਤੇ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਦੇ ਸਾਹਮਣੇ ਸਵੇਰੇ ਕੱਢੀ ਗਈ ਇਸ ਰੈਲੀ ਵਿਚ ਉਨ੍ਹਾਂ ਕਿਹਾ, 'ਹਿੰਦੂ ਭਰਾਵੋ ਅਤੇ ਭੈਣੋ, ਤੁਸੀਂ ਡਰੋ ਨਾ। ਸ਼ੇਖ ਹਸੀਨਾ ਅਤੇ ਅਵਾਮੀ ਲੀਗ ਤੁਹਾਡੇ ਨਾਲ ਹੈ। ਸ਼ੇਖ ਹਸੀਨਾ ਦੀ ਸਰਕਾਰ ਘੱਟ ਗਿਣਤੀ ਪੱਖੀ ਸਰਕਾਰ ਹੈ।' ਉਨ੍ਹਾਂ ਕਿਹਾ ਕਿ ਅਵਾਮੀ ਲੀਗ ਉਦੋਂ ਤੱਕ ਸੜਕਾਂ 'ਤੇ ਰਹੇਗੀ, ਜਦੋਂ ਤੱਕ ਫਿਰਕੂ ਤਾਕਤਾਂ ਨਾਲ ਨਜਿੱਠਿਆ ਨਹੀਂ ਜਾਂਦਾ। ਦੇਸ਼ ਭਰ ਵਿਚ ਮੌਜੂਦ ਅਵਾਮੀ ਲੀਗ ਦੇ ਆਗੂ ਅਤੇ ਵਰਕਰ ਫਿਰਕੂ ਤਾਕਤਾਂ ਨੂੰ ਢੁਕਵਾਂ ਜਵਾਬ ਦੇਣ ਲਈ ਤਿਆਰ ਹੈ।


cherry

Content Editor

Related News