ਹੈਕਰ ਨੇ ਆਸਟ੍ਰੇਲੀਆਈ ਬੀਮਾ ਕੰਪਨੀ ਦਾ ਡਾਟਾ ਕੀਤਾ ਚੋਰੀ, ਵਾਪਸ ਦੇਣ ਦੇ ਬਦਲੇ ਮੰਗੀ ਫਿਰੌਤੀ
Thursday, Oct 20, 2022 - 05:13 PM (IST)

ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਵਿੱਚ ਇੱਕ ਸਾਈਬਰ ਅਪਰਾਧੀ ਨੇ ਇੱਕ ਸਿਹਤ ਬੀਮਾ ਕੰਪਨੀ ਦੇ ਡੇਟਾ ਵਿਚ ਸੰਨ੍ਹ ਲਗਾਈ ਅਤੇ ਇਸ ਨੂੰ ਵਾਪਸ ਕਰਨ ਦੇ ਬਦਲੇ ਵਿੱਚ ਫਿਰੌਤੀ ਦੀ ਮੰਗ ਕੀਤੀ। ਵੀਰਵਾਰ ਨੂੰ ਇਸ ਘਟਨਾਕ੍ਰਮ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਇਕ ਮਹੀਨੇ ਦੇ ਅੰਦਰ ਇਸ ਦੇਸ਼ 'ਚ ਨਿੱਜਤਾ ਦੀ ਉਲੰਘਣਾ ਦਾ ਇਹ ਦੂਜਾ ਵੱਡਾ ਮਾਮਲਾ ਹੈ। ਬੁੱਧਵਾਰ ਨੂੰ ਆਸਟ੍ਰੇਲੀਆਈ ਸਟਾਕ ਮਾਰਕੀਟ 'ਤੇ ਮੈਡੀਬੈਂਕ ਦੇ ਸ਼ੇਅਰਾਂ ਦਾ ਵਪਾਰ ਰੋਕ ਦਿੱਤਾ।
ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਇੱਕ 'ਅਪਰਾਧੀ' ਨੇ ਕੰਪਨੀ ਕੋਲ ਪਹੁੰਚ ਕਰ ਕੇ ਖਪਤਕਾਰਾਂ ਦੇ ਚੋਰੀ ਹੋਏ ਨਿੱਜੀ ਡੇਟਾ ਨੂੰ ਜਾਰੀ ਕਰਨ ਦੇ ਬਦਲੇ ਪੈਸੇ ਦੀ ਮੰਗ ਕੀਤੀ। ਮੈਡੀਬੈਂਕ ਦੇ 37 ਲੱਖ ਗਾਹਕ ਹਨ। ਇਸ ਨੇ ਵੀਰਵਾਰ ਨੂੰ ਕਿਹਾ ਕਿ ਅਪਰਾਧੀ ਨੇ ਚੋਰੀ ਕੀਤੇ ਕਰੀਬ 200 ਗੀਗਾਬਾਈਟ ਡੇਟਾ ਵਿੱਚੋਂ 100 ਗਾਹਕਾਂ ਦੀ ਪਾਲਿਸੀ ਦੀ ਜਾਣਕਾਰੀ ਨਮੂਨੇ ਵਜੋਂ ਦਿੱਤੀ ਹੈ। ਬੀਮਾ ਡੇਟਾ ਵਿੱਚ ਗਾਹਕ ਦੇ ਨਾਮ, ਪਤੇ, ਜਨਮ ਮਿਤੀਆਂ, ਰਾਸ਼ਟਰੀ ਸਿਹਤ ਦੇਖਭਾਲ ਪਛਾਣ ਨੰਬਰ ਅਤੇ ਫ਼ੋਨ ਨੰਬਰ ਸ਼ਾਮਲ ਹੁੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੇ ਕਿਸਾਨ ਟੈਕਸ ਯੋਜਨਾ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰੇ (ਤਸਵੀਰਾਂ)
ਸਾਈਬਰ ਸੁਰੱਖਿਆ ਮੰਤਰੀ ਕਲੇਰ ਓ'ਨੀਲ ਨੇ ਕਿਹਾ ਕਿ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਡਾਕਟਰੀ ਜਾਂਚ ਅਤੇ ਇਲਾਜ ਪ੍ਰਕਿਰਿਆਵਾਂ ਦੀ ਜਾਣਕਾਰੀ ਵੀ ਚੋਰੀ ਹੋ ਗਈ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਰਥਿਕ ਅਪਰਾਧ ਭਿਆਨਕ ਹੁੰਦਾ ਹੈ, ਪਰ ਅੰਤ ਵਿੱਚ ਇੱਕ ਕ੍ਰੈਡਿਟ ਕਾਰਡ ਨੂੰ ਵੀ ਬਦਲਿਆ ਜਾ ਸਕਦਾ ਹੈ।ਓ'ਨੀਲ ਨੇ ਕਿਹਾ ਕਿ ਇੱਥੇ ਤਾਂ ਆਸਟ੍ਰੇਲੀਆਈ ਨਾਗਰਿਕਾਂ ਦੀ ਨਿੱਜੀ ਸਿਹਤ ਜਾਣਕਾਰੀ ਜਨਤਕ ਕੀਤੇ ਜਾਣ ਦਾ ਖਤਰਾ ਹੈ।