ਇਟਲੀ: ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਵਿਖੇ 8 ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ
Wednesday, Feb 04, 2026 - 11:53 AM (IST)
ਰੋਮ (ਕੈਂਥ) : ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਬਾਣੀ ਦੇ ਰਚੇਤਾ, ਮਹਾਨ ਕ੍ਰਾਂਤੀਕਾਰੀ ਅਤੇ ਅਧਿਆਤਮਵਾਦੀ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਇਟਲੀ ਦੇ ਗੁਰਦੁਆਰਾ ਸਿੰਘ ਸਭਾ (ਨਵੀਂ ਇਮਾਰਤ) ਮਿਲੀਆਰਾ 47 ਨੰਬਰ, ਪੁਨਤੀਨੀਆ (ਲਾਤੀਨਾ) ਵਿਖੇ 8 ਫਰਵਰੀ, ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਸੋਢੀ ਨੇ ਪ੍ਰੈੱਸ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਰੀ ਜ਼ਿੰਦਗੀ ਦੁੱਤਕਾਰੇ ਅਤੇ ਪਛਾੜੇ ਹੋਏ ਸਮਾਜ ਦੇ ਹੱਕਾਂ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਆਪਣੀ ਇਲਾਹੀ ਬਾਣੀ ਰਾਹੀਂ ਸਮਾਜ ਵਿੱਚ ਬਰਾਬਰੀ ਅਤੇ ਮਾਣ-ਸਨਮਾਨ ਦਿਵਾਉਣ ਲਈ ਬੇਬਾਕੀ ਨਾਲ ਸੱਚ ਦਾ ਹੋਕਾ ਦਿੱਤਾ। ਅੱਜ ਸਮੁੱਚੀ ਦੁਨੀਆ ਵਿੱਚ ਸੰਗਤਾਂ ਵੱਲੋਂ ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਸਮਾਗਮ ਦੀ ਰੂਪ-ਰੇਖਾ
ਇਸ ਮਹਾਨ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:
ਸਮਾਂ ਤੇ ਸਥਾਨ: 8 ਫਰਵਰੀ 2026 (ਐਤਵਾਰ), ਗੁਰਦੁਆਰਾ ਸਿੰਘ ਸਭਾ, ਮਿਲੀਆਰਾ ਰੋਡ 47, ਪੁਨਤੀਨੀਆ।
ਮੁੱਖ ਪ੍ਰੋਗਰਾਮ: ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ।
ਵਿਸ਼ੇਸ਼ ਹਾਜ਼ਰੀ: ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਜਸਵੀਰ ਸਿੰਘ ਭੌਰ ਸੰਗਤਾਂ ਨੂੰ ਵਾਰਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸੰਦੇਸ਼ ਤੋਂ ਜਾਣੂ ਕਰਵਾਉਣਗੇ।
ਭਾਈ ਸੋਢੀ ਨੇ ਦੱਸਿਆ ਕਿ ਇਲਾਕੇ ਭਰ ਦੀਆਂ ਸੰਗਤਾਂ ਵਿੱਚ ਇਸ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
