ਗੁਆਟੇਮਾਲਾ ਦੇ ਹੋਸਟਲ ''ਚ ਲੱਗੀ ਅੱਗ, ਜਿਊਂਦੀਆਂ ਸੜੀਆਂ 35 ਕੁੜੀਆਂ (ਤਸਵੀਰਾਂ)

03/10/2017 1:26:55 PM

ਸੈਨ ਜੋਸ ਪਿਨੁਲਾ— ਮੱਧ ਅਮਰੀਕੀ ਦੇਸ਼ ਗੁਆਟੇਮਾਲਾ ਦੇ ਇਕ ਹੋਸਟਲ ''ਚ ਅੱਗ ਲੱਗਣ ਕਾਰਨ ਘੱਟੋ-ਘੱਟ 35 ਕੁੜੀਆਂ ਦੀ ਮੌਤ ਹੋ ਗਈ ਜਦ ਕਿ ਹੋਰ 21 ਬੱਚਿਆਂ ਦੀ ਹਾਲਤ ਗੰਭੀਰ ਹੈ ਜੋ 50 ਫੀਸਦੀ ਤੋਂ ਵਧੇਰੇ ਝੁਲਸੇ ਹੋਏ ਹਨ। ਇਹ ਘਟਨਾ ਬੁੱਧਵਾਰ ਰਾਤ ਦੀ ਹੈ। ਇਸ ਹੋਸਟਲ ''ਚ ਰਹਿਣ ਵਾਲੀਆਂ ਕੁੜੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨਾਲ ਇੱਥੇ ਬੁਰਾ ਵਤੀਰਾ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ ਅਤੇ ਖਾਣ-ਪੀਣ ਦੇ ਪ੍ਰਬੰਧ ਵੀ ਬਹੁਤ ਖਰਾਬ ਹਨ। ਇਸ ਹੋਸਟਲ ''ਚ ਸਮਰੱਥਾ ਤੋਂ ਵਧ ਬੱਚਿਆ ਨੂੰ ਰੱਖਿਆ ਗਿਆ ਹੈ। ਅੱਗ ਲੱਗਣ ਦੀ ਘਟਨਾ ''ਚ ਮਰਨ ਵਾਲੀਆਂ ਸਾਰੀਆਂ ਕੁੜੀਆਂ ਦੀ ਉਮਰ 14 ਤੋਂ 17 ਸਾਲ ਵਿਚਕਾਰ ਹੈ।

 

ਪੁਲਸ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਸੰਚਾਲਤ ਹੋਸਟਲ ''ਚ ਦੰਗਾ ਭੜਕ ਗਿਆ ਸੀ ਅਤੇ ਪੁਲਸ ਵੱਲੋਂ ਭੀੜ ਨੂੰ ਹਟਾਉਣ ਸਮੇਂ ਅਚਾਨਕ ਅੱਗ ਲੱਗ ਗਈ। ਇਹ ਅੱਗ ਬਿਸਤਰਿਆਂ ਤਕ ਪਹੁੰਚ ਗਈ ਅਤੇ ਦੇਖਦੇ ਹੀ ਦੇਖਦੇ ਪੂਰੇ ਹੋਸਟਲ ''ਚ ਫੈਲ ਗਈ। ਪੁਲਸ ਨੂੰ ਸ਼ੱਕ ਹੈ ਕਿ ਸ਼ਾਇਦ ਇਹ ਅੱਗ ਇੱਥੋਂ ਭੱਜਣ ਵਾਲਿਆਂ ''ਚੋਂ ਕਿਸੇ ਨੇ ਲਗਾਈ ਹੋਵੇਗੀ। ਫਿਲਹਾਲ ਪੁਲਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਹ ਹੋਸਟਲ 2006 ''ਚ ਸੈਨ ਜੋਸ ਪਿਨੁਲਾ ਪਿੰਡ ਤੋਂ 10 ਕਿਲੋਮੀਟਰ ਦੀ ਦੂਰੀ ''ਤੇ ਬਣਾਇਆ ਗਿਆ ਸੀ। ਇਸ ਹੋਸਟਲ ਜਾਂ ਸੰਸਥਾ ਦੇ ਸਾਬਕਾ ਕਰਮਚਾਰੀ ਏਂਜਲ ਕਾਰਡੇਨਾਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਥਿਤੀ ਸੰਬੰਧੀ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਰਾਸ਼ਟਰਪਤੀ ਜਿੰਮੀ ਮੋਰਾਲਸ ਨੇ ਘਟਨਾ ਦੀ ਨਿੰਦਾ ਕਰਦੇ ਹੋਇਆਂ 3 ਦਿਨਾਂ ਦੇ ਰਾਸ਼ਟਰੀ ਅਫਸੋਸ ਦਾ ਐਲਾਨ ਕੀਤਾ ਹੈ।


Related News