ਪਾਕਿ ਸਰਕਾਰ ਸਾਊਦੀ ਅਤੇ ਯੂ.ਏ.ਈ. ਨੂੰ ਖ਼ੁਸ਼ ਕਰਨ ਲਈ ਭੇਜੇਗੀ 150 ਦੁਰਲੱਭ ਬਾਜ

Wednesday, Nov 25, 2020 - 06:00 PM (IST)

ਪਾਕਿ ਸਰਕਾਰ ਸਾਊਦੀ ਅਤੇ ਯੂ.ਏ.ਈ. ਨੂੰ ਖ਼ੁਸ਼ ਕਰਨ ਲਈ ਭੇਜੇਗੀ 150 ਦੁਰਲੱਭ ਬਾਜ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਸ਼ੀਦ ਅਲ ਮਕਤੂਮ ਨੂੰ 150 ਦੁਰਲੱਭ ਬਾਜ ਨਿਰਯਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦੁਨੀਆ ਭਰ ਦੇ ਜੀਵ ਮਾਹਰਾਂ ਨੇ ਇਸ ਨੂੰ ਬੇਰਹਿਮ ਫ਼ੈਸਲਾ ਦੱਸਦੇ ਹੋਏ ਇਮਰਾਨ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਅਸਲ ਵਿਚ ਬਾਜ ਦੇ ਜ਼ਰੀਏ  ਯੂ.ਏ.ਈ. ਦੇ ਸ਼ਾਸਕ ਦੁਰੱਲਭ ਹੁਬਾਰਾ ਪੰਛੀਆਂ ਦਾ ਸ਼ਿਕਾਰ ਕਰਦੇ ਹਨ। ਹੁਬਾਰਾ ਪੰਛੀ ਦਾ ਮਾਸ ਸ਼ਕਤੀ ਵਧਾਉਣ ਵਾਲਾ ਮੰਨਿਆ ਜਾਂਦਾ ਹੈ।

ਬਾਜ ਭੇਜਣ ਲਈ ਵਿਸ਼ੇਸ਼ ਇਜਾਜ਼ਤ
ਮਾਹਰਾਂ ਦਾ ਕਹਿਣਾ ਹੈ ਕਿ ਅਸਲ ਵਿਚ ਸਾਊਦੀ ਅਰਬ ਅਤੇ ਯੂ.ਏ.ਈ. ਦੋਹਾਂ ਨੇ ਪਾਕਿਸਤਾਨ ਦੀ ਗਰਦਨ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਦੁਬਈ ਦੇ ਸ਼ਾਸਕ ਨੂੰ ਅਯਾਸ਼ੀ ਦੇ ਲਈ ਇਮਰਾਨ ਸਰਕਾਰ ਉਹਨਾਂ ਨੂੰ ਬਾਜ ਭੇਜਣ ਜਾ ਰਹੀ ਹੈ। ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਤੋਂ ਯੂ.ਏ.ਈ. ਨੂੰ 150 ਬਾਜ ਨਿਰਯਾਤ ਕਰਨ ਦੇ ਲਈ ਇਮਰਾਨ ਸਰਕਾਰ ਵੱਲੋਂ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਹੈ। ਸੂਤਰਾਂ ਦੇ ਮੁਤਾਬਕ, ਇਹ ਇਜਾਜ਼ਤ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਅਤੇ ਇਸ ਨੂੰ ਯੂ.ਏ.ਈ. ਦੇ ਦੂਤਾਵਾਸ ਨੂੰ ਦੱਸ ਦਿੱਤਾ ਗਿਆ ਹੈ।

ਸਾਊਦੀ ਨੇ ਮੰਗੀ ਆਪਣੀ ਬਕਾਇਆ ਰਾਸ਼ੀ
ਇਮਰਾਨ ਸਰਕਾਰ ਨੇ ਇਹ ਇਜਾਜ਼ਤ ਅਜਿਹੇ ਸਮੇਂ ਵਿਚ ਦਿੱਤੀ ਹੈ ਜਦੋਂ ਸਾਊਦੀ ਅਰਬ ਨੇ ਪਾਕਿਸਤਾਨ ਤੋਂ ਆਪਣੇ ਬਕਾਇਆ 2 ਅਰਬ ਡਾਲਰ ਵਾਪਸ ਮੰਗੇ ਹਨ। ਉੱਥੇ ਯੂ.ਏ.ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ। ਵੱਡੀ ਗਿਣਤੀ ਵਿਚ ਪਾਕਿਸਤਾਨੀ ਨਾਗਰਿਕ ਯੂ.ਏ.ਈ. ਵਿਚ ਰਹਿੰਦੇ ਹਨ ਅਤੇ ਪੈਸਾ ਭੇਜਦੇ ਹਨ। ਬਾਜ ਪੰਛੀ ਦਾ ਨਿਰਯਾਤ ਪਾਬੰਦੀਸ਼ੁਦਾ ਹੈ ਪਰ ਇਮਰਾਨ ਸਰਕਾਰ ਨੇ ਆਪਣੇ ਦੇਸ਼ ਦੀ ਸਥਿਤੀ ਨੂੰ ਦੇਖਦੇ ਹੋਏ ਹੁਣ ਬੇਜ਼ੁਬਾਨਾਂ ਦੀ ਬਲੀ ਦੇਣ ਦੀ ਤਿਆਰੀ ਕਰ ਲਈ ਹੈ।

ਸਾਲ 2014 'ਚ ਵੀ ਲਗਾਈ ਸੀ ਪਾਬੰਦੀ
ਇਸ ਤੋਂ ਪਹਿਲਾਂ ਸਾਲ 2014 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਬਾਜ ਦੇ ਨਿਰਯਾਤ ਅਤੇ ਹੁਬਾਰਾਂ ਦੇ ਸ਼ਿਕਾਰ 'ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਵੀ ਸਾਊਦੀ ਅਰਬ ਅਤੇ ਯੂ.ਏ.ਈ. ਦੇ ਨਾਲ ਪਾਕਿਸਤਾਨ ਦੇ ਰਿਸ਼ਤੇ ਵਿਗੜ ਗਏ ਸਨ। ਫਿਰ ਭਾਰੀ ਤਣਾਅ ਦੇ ਬਾਅਦ ਪਾਕਿਸਤਾਨ ਸਰਕਾਰ ਝੁਕ ਗਈ ਸੀ ਅਤੇ ਬਾਜ ਨੂੰ ਭੇਜਣ ਦੀ ਇਜਾਜ਼ਤ ਦਿੱਤੀ ਸੀ। ਹੁਬਾਰਾ ਤਿਲੋਰ ਪੰਛੀ ਸ਼ਰਮੀਲਾ ਪਰ ਬਹੁਤ ਖੂਬਸੂਰਤ ਹੁੰਦਾ ਹੈ ਅਤੇ ਆਕਾਰ ਵਿਚ ਟਰਕੀ ਚਿੜੀ ਜਿਹਾ ਦਿਖਾਈ ਦਿੰਦਾ ਹੈ। 

ਹਰੇਕ ਸਾਲ ਸਰਦੀਆਂ ਦੇ ਮੌਸਮ ਵਿਚ ਇਹ ਮੱਧ ਏਸ਼ੀਆ ਤੋਂ ਉਡ ਕੇ ਪਾਕਿਸਤਾਨ ਆਉਂਦੇ ਹਨ। ਇਹਨਾਂ ਹੁਬਾਰਾ ਪੰਛੀਆਂ ਦਾ ਸ਼ਿਕਾਰ ਕਰਨ ਲਈ ਖਾੜੀ ਦੇਸ਼ਾਂ ਦੇ ਰਾਜਕੁਮਾਰ ਅਤੇ ਅਮੀਰ ਲੋਕ ਪਾਕਿਸਤਾਨ ਪਹੁੰਚਦੇ ਹਨ। ਸਾਊਦੀ ਅਰਬ ਦੇ ਰਾਜਕੁਮਾਰਾਂ ਦੀ ਦਾਦਾਗਿਰੀ ਦਾ ਆਲਮ ਇਹ ਹੈ ਕਿ ਸਾਊਦੀ ਪ੍ਰਿੰਸ ਨੇ ਕਰੀਬ 2,100 ਪੰਛੀਆਂ ਦਾ ਸ਼ਿਕਾਰ ਕੀਤਾ ਜਦਕਿ ਉਹਨਾਂ ਨੂੰ ਸਿਰਫ 100 ਪੰਛੀਆਂ ਦੇ ਸ਼ਿਕਾਰ ਦੀ ਇਜਾਜ਼ਤ ਦਿੱਤੀ ਗਈ ਸੀ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਨੂੰ ਸ਼ਿਕਾਰ ਦੇ ਹਰ ਸੀਜਨ ਵਿਚ ਘੱਟੋ-ਘੱਟੋ 2 ਅਰਬ ਰੁਪਏ ਦੀ ਕਮਾਈ ਹੁੰਦੀ ਹੈ।


author

Vandana

Content Editor

Related News