ਭਾਰਤੀ ਮੁਸਲਮਾਨਾਂ ਲਈ ਖੁਸ਼ਖ਼ਬਰੀ: ਹੱਜ ਯਾਤਰਾ 'ਚ ਮਿਲਣਗੀਆਂ ਨਵੀਆਂ ਸਹੂਲਤਾਂ, ਪਹੁੰਚਣਗੇ 20 ਲੱਖ ਸ਼ਰਧਾਲੂ

Wednesday, Jan 25, 2023 - 12:07 PM (IST)

ਭਾਰਤੀ ਮੁਸਲਮਾਨਾਂ ਲਈ ਖੁਸ਼ਖ਼ਬਰੀ: ਹੱਜ ਯਾਤਰਾ 'ਚ ਮਿਲਣਗੀਆਂ ਨਵੀਆਂ ਸਹੂਲਤਾਂ, ਪਹੁੰਚਣਗੇ 20 ਲੱਖ ਸ਼ਰਧਾਲੂ

ਰਿਆਦ (ਬਿਊਰੋ): ਹਜ ਯਾਤਰਾ ਕਰਨ ਜਾ ਰਹੇ ਮੁਸਲਿਮ ਭਾਈਚਾਰੇ ਲਈ ਚੰਗੀ ਖ਼ਬਰ ਹੈ।ਇਸ ਸਾਲ ਦੀ ਹੱਜ ਯਾਤਰਾ ਕੋਵਿਡ ਤੋਂ ਪਹਿਲਾਂ ਵਾਲੇ ਆਪਣੇ ਰੂਪ ਵਿਚ ਦਿਸੇਗੀ, ਜਿਸ ਵਿੱਚ ਸ਼ਰਧਾਲੂਆਂ ਦੀ ਗਿਣਤੀ 20 ਲੱਖ ਤੱਕ ਪਹੁੰਚਣ ਦੀ ਉਮੀਦ ਹੈ। ਸਾਊਦੀ ਅਰਬ ਇਸ ਸਾਲ ਹੱਜ ਸੀਜ਼ਨ ਦੌਰਾਨ 41,300 ਅਲਜੀਰੀਆ ਦੇ ਸ਼ਰਧਾਲੂਆਂ ਸਮੇਤ 20 ਲੱਖ ਸ਼ਰਧਾਲੂਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਡਾਕਟਰ ਤੌਫੀਕ ਬਿਨ ਫਾਵਜ਼ਾਨ ਅਲ-ਰਬਿਆਹ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਸਾਊਦੀ ਪ੍ਰੈਸ ਏਜੰਸੀ ਦੇ ਅਨੁਸਾਰ ਅਲ-ਰਬਿਆਹ ਨੇ ਪਵਿੱਤਰ ਸਥਾਨਾਂ 'ਤੇ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਦੇਸ਼ ਦੇ ਵਿਕਾਸ ਪ੍ਰੋਜੈਕਟਾਂ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ 'ਤੇ ਵੀ ਧਿਆਨ ਕੇਂਦਰਿਤ ਕੀਤਾ।

ਚੰਗੀ ਗੱਲ ਇਹ ਹੈ ਕਿ ਇਸ ਵਾਰ ਭਾਰਤੀ ਹੱਜ ਯਾਤਰੀ ਵੀ ਸਾਊਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਣਗੇ। ਕੋਰੋਨਾ ਕਾਲ ਤੋਂ ਬਾਅਦ ਫਿਰ ਤੋਂ ਸ਼ੁਰੂ ਹੋਈ ਹਜ ਯਾਤਰਾ ਦਾ ਰੂਪ ਕਾਫੀ ਬਦਲ ਗਿਆ ਹੈ। ਹੁਣ ਇਸ ਵਿੱਚ ਕਈ ਨਵੀਆਂ ਸਹੂਲਤਾਂ ਵੀ ਸ਼ਾਮਿਲ ਹਨ। ਖਲੀਜ ਟਾਈਮਜ਼ ਦੀ ਖ਼ਬਰ ਮੁਤਾਬਕ ਇਸ 'ਚ Haramain ਐਕਸਪ੍ਰੈਸ ਟਰੇਨ ਵੀ ਸ਼ਾਮਲ ਹੈ ਜੋ ਮੱਕਾ ਅਤੇ ਮਦੀਨਾ ਨੂੰ ਦੋ ਘੰਟੇ ਦੇ ਸਫਰ ਰਾਹੀਂ ਜੋੜਦੀ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਸਾਊਦੀ ਅਰਬ ਨੇ ਐਲਾਨ ਕੀਤਾ ਸੀ ਕਿ ਤਿੰਨ ਸਾਲ ਦੀਆਂ ਪਾਬੰਦੀਆਂ ਤੋਂ ਬਾਅਦ ਇਸ ਸਾਲ ਹੱਜ ਯਾਤਰੀਆਂ ਦੀ ਗਿਣਤੀ 'ਤੇ ਕੋਈ ਸੀਮਾ ਨਹੀਂ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਵੱਕਾਰੀ ਵਿਗਿਆਨ ਅਤੇ ਗਣਿਤ ਮੁਕਾਬਲੇ 'ਚ 40 ਫਾਈਨਲਿਸਟਾਂ 'ਚ ਪੰਜ ਭਾਰਤੀ-ਅਮਰੀਕੀ

ਮਹਿਰਮ ਤੋਂ ਬਿਨਾਂ ਹੱਜ ਕਰਨ ਦੀ ਇਜਾਜ਼ਤ

ਇਸਲਾਮ ਵਿੱਚ ਹੱਜ ਯਾਤਰਾ ਦਾ ਬਹੁਤ ਮਹੱਤਵ ਹੈ। ਹੱਜ ਕਰਨਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਸਾਰੇ ਯੋਗ ਮੁਸਲਮਾਨਾਂ ਨੂੰ ਘੱਟੋ ਘੱਟ ਇੱਕ ਵਾਰ ਕਰਨਾ ਚਾਹੀਦਾ ਹੈ। ਇਸ ਸਾਲ ਹੱਜ ਯਾਤਰਾ ਜੂਨ 'ਚ ਸ਼ੁਰੂ ਹੋਵੇਗੀ। ਸਾਊਦੀ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਔਰਤਾਂ ਨੂੰ ਹੱਜ ਕਰਨ ਲਈ ਮਰਦ ਸਾਥੀ 'ਮਹਿਰਮ' ਦੀ ਲੋੜ ਨਹੀਂ ਪਵੇਗੀ। 2019 'ਚ ਕਰੀਬ 25 ਲੱਖ ਲੋਕਾਂ ਨੇ ਹੱਜ ਯਾਤਰਾ 'ਚ ਹਿੱਸਾ ਲਿਆ ਸੀ ਪਰ ਇਸ ਤੋਂ ਬਾਅਦ ਆਏ ਕੋਰੋਨਾ ਵਾਇਰਸ ਨੇ ਹੱਜ ਯਾਤਰਾ 'ਤੇ ਵੀ ਅਸਰ ਪਾਇਆ।

ਸਾਊਦੀ ਸਰਕਾਰ ਨੇ ਵਧਾਈ ਉਮਰਾਹ ਵੀਜ਼ਾ ਦੀ ਮਿਆਦ 

ਕੋਵਿਡ ਮਹਾਮਾਰੀ ਕਾਰਨ ਹੱਜ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਦਰਜ ਕੀਤੀ ਗਈ। 2022 ਵਿੱਚ ਲਗਭਗ 9 ਲੱਖ ਹੱਜ ਯਾਤਰੀ ਮੱਕਾ ਅਤੇ ਮਦੀਨਾ ਪਹੁੰਚੇ ਸਨ, ਜਿਨ੍ਹਾਂ ਵਿੱਚ 7,80,000 ਵਿਦੇਸ਼ੀ ਸ਼ਾਮਲ ਸਨ। ਪਿਛਲੇ ਸਾਲ ਅਕਤੂਬਰ 'ਚ ਸਾਊਦੀ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਮਰਾਹ ਵੀਜ਼ਾ ਦੀ ਮਿਆਦ ਇਕ ਮਹੀਨੇ ਤੋਂ ਵਧਾ ਕੇ ਤਿੰਨ ਮਹੀਨੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਇਹ ਹਰ ਦੇਸ਼ ਦੇ ਹੱਜ ਯਾਤਰੀਆਂ 'ਤੇ ਲਾਗੂ ਹੋਵੇਗਾ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News