ਅਜੇ ਤਾਂ ਸ਼ੁਰੂਆਤ ਹੈ ਰਸਤਾ ਬਹੁਤ ਲੰਬਾ ਹੈ : ਮੋਦੀ

09/25/2019 7:29:00 PM

ਨਿਊਯਾਰਕ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲੋਬਲ ਬਿਜ਼ਨੈੱਸ ਫੋਰਮ 2019 ਵਿਚ ਸ਼ਾਮਲ ਹੋਣ ਲਈ ਨਿਊਯਾਰਕ ਪਹੁੰਚੇ। ਇਸ ਦੌਰਾਨ ਸਾਬਕਾ ਮੇਅਰ ਮਾਈਕਲ ਬਲੂਮਬਰਗ ਨੇ ਪੀ.ਐਮ. ਮੋਦੀ ਦਾ ਸਵਾਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਬਿਜ਼ਨੈੱਸ ਫੋਰਮ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਦੌਰਾਨ ਪੀ.ਐਮ. ਮੋਦੀ ਨੇ ਕਿਹਾ ਕਿ ਭਾਰਤ ਨੇ ਦੇਸ਼ ਵਿਚ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੀ ਵਰਤੋਂ ਨੂੰ ਬੰਦ ਕਰਨ ਲਈ ਇਕ ਵੱਡਾ ਅੰਦੋਲਨ ਵਿੱਢਿਆ ਗਿਆ ਹੈ।

2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ 'ਤੇ ਸਿੰਗਲ ਯੂਜ਼ ਪਲਾਸਟਿਕ ਖਿਲਾਫ ਇਕ ਰਾਸ਼ਟਰ ਵਿਆਪੀ ਮੁਹਿੰਮ ਚਲਾਈ ਜਾਵੇਗੀ। ਪੀ.ਐਮ. ਮੋਦੀ ਨੇ ਬਿਜ਼ਨੈੱਸ ਫੋਰਮ ਵਿਚ ਦੱਸਿਆ ਕਿ ਭਾਰਤ ਵਿਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕੋਲਾ ਭੰਡਾਰ ਹੈ। ਅਸੀਂ ਦੁਨੀਆ ਨੂੰ ਭਾਰਤ ਵਿਚ ਕੋਲਾ ਗੈਸੀਕਰਣ ਲਈ ਆਪਣੀ ਤਕਨੀਕ ਲਿਆਉਣ ਲਈ ਸੱਦਾ ਭੇਜਦੇ ਹਾਂ। ਜੋ ਸਵੱਛ ਊਰਜਾ ਦਾ ਉਤਪਾਦਨ ਕਰੇਗਾ। ਜਿਸ ਤੋਂ ਬਾਅਦ ਗੈਸ ਊਰਜਾ ਦੇ ਸਰੋਤ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਪੀ.ਐਮ. ਮੋਦੀ ਨੇ ਕਿਹਾ ਕਿ ਅੱਜ ਭਾਰਤ ਦੇ ਤਕਰੀਬਨ ਹਰ ਨਾਗਰਿਕ ਕੋਲ ਯੂਨੀਕ ਆਈ.ਡੀ. ਹੈ, ਮੋਬਾਈਲ ਫੋਨ ਅਤੇ ਬੈਂਕ ਅਕਾਉਂਟ। ਜਿਸ ਕਾਰਨ ਟਾਰਗੈਟਿਡ ਸਰਵਿਸ ਡਲੀਵਰੀ ਵਿਚ ਤੇਜ਼ੀ ਆਈ, ਲੀਕੇਜ ਬੰਦ ਹੋਈ ਅਤੇ ਟਰਾਂਸਪੇਰੇਸੀ ਕਈ ਗੁਣਾ ਵਧੀ ਹੈ। ਇਸ ਦੌਰਾਨ ਪੀ.ਐਮ. ਮੋਦੀ ਨੇ ਕਿਹਾ ਕਿ ਬੀਤੇ 5 ਸਾਲਾਂ ਵਿਚ ਭਾਰਤ ਵਿਚ 286 ਬਿਲੀਅਨ ਐਫ.ਡੀ.ਆਈ. ਹੋਇਆ ਹੈ। ਇਹ ਬੀਤੇ 20 ਸਾਲ ਵਿਚ ਭਾਰਤ ਦੇ ਕੁਲ ਐਫ.ਡੀ.ਆਈ. ਇਨਫਲੋਅ ਦਾ ਅੱਧਾ ਹੈ। ਅਮਰੀਕਾ ਨੇ ਵੀ ਜਿੰਨਾ ਐਫ.ਡੀ.ਆਈ. ਬੀਤੇ ਦਹਾਕਿਆਂ ਵਿਚ ਭਾਰਤ ਵਿਚ ਕੀਤਾ ਹੈ, ਉਸ ਦਾ 50 ਫੀਸਦੀ ਸਿਰਫ ਪਿਛਲੇ 4 ਸਾਲਾਂ ਵਿਚ ਹੋਇਆ ਹੈ।

ਫੋਰਮ ਵਿਚ ਕਾਰੋਬਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਪੀ.ਐਮ. ਮੋਦੀ ਨੇ ਕਿਹਾ ਕਿ ਅਸੀਂ ਕਾਰਪੋਰੇਟ ਦੇ ਸੈਕਟਰ ਵਿਚ ਭਾਰੀ ਟੈਕਸ ਕਟੌਤੀ ਕਰਨ ਦਾ ਕ੍ਰਾਂਤੀਕਾਰੀ ਫੈਸਲਾ ਲਿਆ ਹੈ। ਅਸੀਂ ਨਵੀਂ ਸਰਕਾਰ ਬਣਨ ਤੋਂ ਬਾਅਦ 50 ਤੋਂ ਜ਼ਿਆਦਾ ਉਨ੍ਹਾਂ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ, ਜੋ ਕਾਰੋਬਾਰ ਦੇ ਰਸਤੇ ਵਿਚ ਅੜਿੱਕਾ ਬਣ ਰਹੇ ਸਨ। ਫੋਰਮ ਵਿਚ ਬੋਲਦੇ ਹੋਏ ਪੀ.ਐਮ. ਮੋਦੀ ਨੇ ਕਿਹਾ ਕਿ ਭਾਰਤ ਲਗਾਤਾਰ ਦੇਸ਼ ਵਿਚ ਬਿਜ਼ਨੈੱਸ ਦਾ ਸਹੀ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੜਕ, ਰੇਲ ਅਤੇ ਹਵਾਈ ਸਹੂਲਤਾਂ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇੰਫਰਾਸਟਰ 'ਤੇ ਅਸੀਂ 100 ਲੱਖ ਕਰੋੜ ਖਰਚ ਕਰਨ ਵਾਲੇ ਹਾਂ।

ਪੀ.ਐਮ. ਮੋਦੀ ਨੇ ਕਿਹਾ ਕਿ ਅਸੀਂ ਇਕ ਅਜਿਹੀ ਸਰਕਾਰ ਨੂੰ ਦੇਖ ਰਹੇ ਹਾਂ, ਜਿਸ ਨੂੰ ਪਹਿਲਾਂ ਤੋਂ ਜ਼ਿਆਦਾ ਸੀਟਾਂ ਦੇ ਨਾਲ ਜਨਤਾ ਨੇ ਦੁਬਾਰਾ ਸੇਵਾ ਦਾ ਮੌਕਾ ਦਿੱਤਾ। ਜਨਤਾ ਨੇ ਜਜਮੈਂਟ ਦਿੱਤਾ ਹੈ ਕਿ ਵਿਕਾਸ ਹੀ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਇਕ ਅਜਿਹੀ ਸਰਕਾਰ ਹੈ ਜੋ ਬਿਜ਼ਨੈੱਸ ਵਰਲਡ ਦਾ ਅਤੇ ਵੈਲਥ ਕ੍ਰੀਏਸ਼ਨ ਦਾ ਸਨਮਾਨ ਕਰਦੀ ਹੈ। 5 ਟ੍ਰਿਲੀਅਨ ਡਾਲਰ ਇਕਾਨਮੀ 'ਤੇ ਬੋਲਦੇ ਹੋਏ ਪੀ.ਐਮ. ਮੋਦੀ ਨੇ ਕਿਹਾ ਕਿ ਭਾਰਤ ਨੇ 5 ਟ੍ਰਿਲੀਅਨ ਡਾਲਰ ਇਕਾਨਮੀ ਬਣਾਉਣ ਦਾ ਵੱਡਾ ਟੀਚਾ ਰੱਖਿਆ ਹੈ। ਅਸੀਂ ਜਦੋਂ ਸੱਤਾ ਸੰਭਾਲੀ ਤਾਂ ਦੇਸ਼ ਦੀ ਇਕਾਨਮੀ 2 ਟ੍ਰਿਲੀਅਨ ਡਾਲਰ ਦੀ ਸੀ, ਅਸੀਂ ਪਿਛਲੇ 5 ਸਾਲਾਂ ਵਿਚ ਇਸ ਵਿਚ 1 ਟ੍ਰਿਲੀਅਨ ਡਾਲਰ ਹੋਰ ਜੋੜਿਆ ਹੈ। ਪੀ.ਐਮ. ਮੋਦੀ ਨੇ ਕਿਹਾ ਕਿ ਅੱਜ 4 ਕਾਰਕ ਹਨ ਜੋ ਭਾਰਤ ਨੂੰ ਨਿਵੇਸ਼ਕਾਂ ਲਈ ਭਰੋਸੇਯੋਗ ਬਣਾਉਂਦੇ ਹਨ ਅਤੇ ਭਾਰਤ ਨੂੰ ਸਭ ਤੋਂ ਵੱਖ ਬਣਾਉਂਦੇ ਹਨ। ਜਨਤੰਤਰ, ਆਬਾਦੀ, ਮੰਗ ਅਤੇ ਨਿਰਣਾਇਕਤਾ।


Sunny Mehra

Content Editor

Related News