ਗਲਾਸਗੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਹਾਥਰਸ ਕਾਂਡ ਖ਼ਿਲਾਫ਼ ਮੌਨ ਪ੍ਰਦਰਸ਼ਨ
Tuesday, Oct 06, 2020 - 01:02 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਿਰਫ਼ ਭਾਰਤ ਹੀ ਨਹੀਂ ਬਲਕਿ ਸਮੁੱਚੇ ਵਿਸ਼ਵ ਵਿਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਹਾਥਰਸ ਕਾਂਡ ਖਿਲਾਫ਼ ਆਪਣਾ ਵਿਰੋਧ ਦਰਜ ਕੀਤਾ ਜਾ ਰਿਹਾ ਹੈ।
ਸਰਕਾਰ ਦੀ ਢਿੱਲੀ ਕਾਰਵਾਈ ਅਤੇ ਨੇਤਾਵਾਂ ਦੀ ਗੈਰ-ਸੰਜੀਦਾ ਬਿਆਨਬਾਜ਼ੀ ਦੀ ਆਲੋਚਨਾ ਹੋ ਰਹੀ ਹੈ। ਗਲਾਸਗੋ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਵੱਲੋਂ ਹਾਥਰਸ ਕਾਂਡ ਖ਼ਿਲਾਫ਼ ਵਿਲੱਖਣ ਢੰਗ ਨਾਲ਼ ਇਕੱਲਿਆਂ ਹੀ ਮੌਨ ਰਹਿ ਕੇ ਦੋ ਦਿਨਾ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ। ਹੱਥਾਂ ਵਿੱਚ ਨਾਅਰਿਆਂ ਵਾਲੀਆਂ ਤਖਤੀਆਂ ਫੜ ਕੇ ਸੜਕ ਕਿਨਾਰੇ ਖੜ੍ਹੇ ਨੌਜਵਾਨ ਰਾਹਗੀਰਾਂ ਦਾ ਧਿਆਨ ਖਿੱਚਦੇ ਰਹੇ।
ਉਨ੍ਹਾਂ ਦਾ ਸਾਥ ਦੇਣ ਲਈ ਸਕਾਟਿਸ਼ ਇੰਡੀਅਨ ਫਾਰ ਜਸਟਿਸ ਦੇ ਕਾਰਕੁਨਾਂ ਵੱਲੋਂ ਹੱਥ ਵਧਾਇਆ ਗਿਆ ਤੇ ਕਾਰਵਾਂ ਬਣ ਗਿਆ। ਵਿਦਿਆਰਥੀਆਂ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਸੁਚੇਤ ਕਰਨ ਦੇ ਨਾਲ-ਨਾਲ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਹੈ ਕਿ ਉਹ ਦਲਿਤ ਸਮਾਜ ਉੱਪਰ ਹੁੰਦੇ ਅੱਤਿਆਚਾਰਾਂ ਖ਼ਿਲਾਫ਼ ਆਪਣੀ ਜ਼ੁਬਾਨ ਖੋਲ੍ਹੇ।