ਗਲਾਸਗੋ : ਕੋਪ 26 ਦੌਰਾਨ ਵਾਲੰਟੀਅਰਾਂ ਦੇ ਪਾਉਣ ਲਈ ਵਰਦੀਆਂ ਜਾਰੀ
Friday, Oct 01, 2021 - 11:31 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਸਕਾਟਿਸ਼ ਈਵੈਂਟ ਕੈਂਪਸ (ਐੱਸ. ਈ. ਸੀ.) ਵਿਖੇ ਹੋਣ ਵਾਲੀ 26 ਜਲਵਾਯੂ ਕਾਨਫਰੰਸ ’ਚ ਲੱਗਭਗ 1000 ਵਾਲੰਟੀਅਰਾਂ ਵੱਲੋਂ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਅਤੇ ਹੋਰ ਕੰਮਾਂ ਸਬੰਧੀ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਲਈ ਇਨ੍ਹਾਂ ਵਾਲੰਟੀਅਰਾਂ ਦੀ ਵੱਖਰੀ ਪਛਾਣ ਲਈ ਇਨ੍ਹਾਂ ਵੱਲੋਂ ਪਹਿਨੀਆਂ ਜਾਣ ਵਾਲੀਆਂ ਵਰਦੀਆਂ ਨੂੰ ਜਨਤਕ ਕੀਤਾ ਗਿਆ ਹੈ। ਗਲਾਸਗੋ ਦਾ ਐੱਸ. ਈ. ਸੀ. ਕੰਪਲੈਕਸ 31 ਅਕਤੂਬਰ ਤੋਂ ਦੋ ਹਫਤਿਆਂ ਲਈ ਵਿਸ਼ਵ ਨੇਤਾਵਾਂ ਦੇ ਇਕੱਠ ਦੀ ਮੇਜ਼ਬਾਨੀ ਕਰੇਗਾ ਅਤੇ ਇਸ ’ਚ ਸ਼ਾਮਲ ਹੋਣ ਵਾਲਿਆਂ ਦਾ ਸਕਾਟਲੈਂਡ ਦੇ ਵਾਲੰਟੀਅਰਾਂ ਵੱਲੋਂ ਸਵਾਗਤ ਕੀਤਾ ਜਾਵੇਗਾ। ਇਹ ਵਾਲੰਟੀਅਰ ਫਾਲਕਿਰਕ ਸਥਿਤ ਕੰਪਨੀ 'ਲਾਈਨ ਸੇਫਟੀ' ਵੱਲੋਂ ਰੀਸਾਈਕਲ ਕੀਤੇ ਗਏ ਅਤੇ ਟਿਕਾਊ ਫੈਬਰਿਕਸ ਤੋਂ ਬਣੀਆਂ ਵਰਦੀਆਂ ਪਹਿਨਣਗੇ।
ਦੱਸਣਯੋਗ ਹੈ ਕਿ ਕੋਪ 26 ਲਈ ਗਲਾਸਗੋ ਸਿਟੀ ਕੌਂਸਲ ਨੂੰ 10,000 ਵਾਲੰਟੀਅਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਸਫਲ ਬਿਨੈਕਾਰਾਂ ’ਚੋਂ ਸਭ ਤੋਂ ਛੋਟੀ ਉਮਰ 16 ਸਾਲ ਅਤੇ ਸਭ ਤੋਂ ਵੱਡੀ ਉਮਰ 78 ਸਾਲ ਹੈ। ਇਸ ਤੋਂ ਇਲਾਵਾ 40% ਤੋਂ ਵੱਧ ਵਾਲੰਟੀਅਰ ਗਲਾਸਗੋ ਸ਼ਹਿਰ ’ਚ ਹੀ ਰਹਿੰਦੇ ਹਨ। ਇਸ ਵਾਲੰਟੀਅਰ ਸੰਮੇਲਨ ਦੌਰਾਨ ਆਵਾਜਾਈ ਅਤੇ ਰਿਹਾਇਸ਼ ਕੇਂਦਰਾਂ, ਐਕਟਿਵ ਯਾਤਰਾ ਮਾਰਗਾਂ ਅਤੇ ਕਾਨਫਰੰਸ ਦੇ ਗ੍ਰੀਨ ਜ਼ੋਨ ’ਤੇ ਕੰਮ ਕਰਨਗੇ। ਕੰਪਨੀ ਅਨੁਸਾਰ ਇਨ੍ਹਾਂ ਵਰਦੀਆਂ ’ਚ ਇਨਸੂਲੇਟਿਡ ਜੈਕੇਟ, ਸਾਫਟ ਸ਼ੈਲ ਜੈਕੇਟ, ਫਲੀਸ, ਟਰਾਊਜ਼ਰ, ਹੂਡੀਜ਼, ਪੋਲੋ ਸ਼ਰਟ, ਦਸਤਾਨੇ, ਇਕ ਬੈਕਪੈਕ ਅਤੇ ਇਕ ਗਰਮ ਟੋਪੀ ਸ਼ਾਮਲ ਹਨ। ਇੰਨਾ ਹੀ ਨਹੀਂ, ਵਾਤਾਵਰਣ ਚੈਰਿਟੀ ਵਨ ਟ੍ਰੀ ਪਲਾਂਟਿਡ ਦੇ ਨਾਲ ਸਾਂਝੇਦਾਰੀ ਰਾਹੀਂ ਮੁਹੱਈਆ ਕੀਤੀ ਹਰ ਵਾਲੰਟੀਅਰ ਵਰਦੀ ਲਈ ਇਕ ਰੁੱਖ ਵੀ ਲਗਾਇਆ ਜਾਵੇਗਾ।