ਅਫਗਾਨਿਸਤਾਨ ’ਚ ਮੁੜ ਸਿੱਖਿਆ ਤੋਂ ਵਾਂਝੀਆਂ ਹੋਣਗੀਆਂ ਕੁੜੀਆਂ, ਅੰਕੜਿਆਂ ’ਚ ਆਏਗੀ ਕਮੀ

Tuesday, Aug 24, 2021 - 03:40 AM (IST)

ਅਫਗਾਨਿਸਤਾਨ ’ਚ ਮੁੜ ਸਿੱਖਿਆ ਤੋਂ ਵਾਂਝੀਆਂ ਹੋਣਗੀਆਂ ਕੁੜੀਆਂ, ਅੰਕੜਿਆਂ ’ਚ ਆਏਗੀ ਕਮੀ

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਹ ਔਰਤਾਂ ਨੂੰ ਪੜ੍ਹਨ ਦੀ ਇਜਾਜ਼ਤ ਦੇਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ 'ਚ ਪਿਛਲੇ 20 ਸਾਲਾਂ ’ਚ ਕੁੜੀਆਂ ਦੀ ਸਿੱਖਿਆ ਵਿਚ ਜੋ ਤੇਜ਼ੀ ਆਈ ਸੀ, ਉਸ ਵਿਚ ਕਮੀ ਆਏਗੀ।
ਪਿਛਲੇ 2 ਦਹਾਕਿਆਂ ’ਚ ਦੇਸ਼ ਵਿਚ ਲਗਭਗ 20 ਹਜ਼ਾਰ ਸਕੂਲ ਬਣਾਏ ਗਏ ਹਨ। ਅਸ਼ਰਫ ਗਨੀ ਦੇ ਰਾਜ ਦੌਰਾਨ ਲਗਭਗ 6 ਹਜ਼ਾਰ ਸਕੂਲ ਬਣਾਏ ਗਏ ਹਨ। ਸਿੱਖਿਆ ਵਿਵਸਥਾ ਬਿਹਤਰ ਹੋ ਰਹੀ ਸੀ ਤੇ ਲੋਕ ਸਿੱਖਣਾ ਚਾਹੁੰਦੇ ਸਨ। ਨਿੱਜੀ ਯੂਨੀਵਰਸਿਟੀਆਂ ਦੇ ਨਾਲ-ਨਾਲ ਨਵੇਂ ਅੰਗਰੇਜ਼ੀ ਮੀਡੀਅਮ ਦੇ ਕਾਲਜ ਵੀ ਬਣ ਰਹੇ ਸਨ। ਭਾਈਚਾਰਾ ਆਧਾਰਤ ਸਿੱਖਿਆ (2017) ’ਤੇ ਹੁਣ ਅਫਗਾਨ ਸਿੱਖਿਆ ਮੰਤਰਾਲਾ ਦੀ ਇਕ ਨੀਤੀ ਰਿਪੋਰਟ ਅਨੁਸਾਰ ਮਿਲੇਨੀਅਮ ਦੇ ਬਾਅਦ ਤੋਂ ਅਫਗਾਨਿਸਤਾਨ ਵਿਚ ਸਿੱਖਿਆ ਤੇਜ਼ੀ ਨਾਲ ਵਧੀ ਹੈ। 2017 ਵਿਚ ਰਸਮੀ ਸਕੂਲੀ ਸਿੱਖਿਆ ਵਿਚ 9.2 ਮਿਲੀਅਨ ਤੋਂ ਵੱਧ ਵਿਦਿਆਰਥੀ ਨਾਮਜ਼ਦ ਸਨ, ਜਿਨ੍ਹਾਂ ਵਿਚ 39 ਫੀਸਦੀ ਕੁੜੀਆਂ ਸਨ।

ਇਹ ਖ਼ਬਰ ਪੜ੍ਹੋ-  ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ


ਪੁਰਸ਼ ਅਧਿਆਪਕ ਨਹੀਂ ਪੜ੍ਹਾ ਸਕਣਗੇ ਕੁੜੀਆਂ ਨੂੰ
ਤਾਲਿਬਾਨ ਵਲੋਂ ਜਾਰੀ ਫਤਵੇ 'ਚ ਇਹ ਵੀ ਕਿਹਾ ਗਿਆ ਹੈ ਕਿ ਪੁਰਸ਼ ਅਧਿਆਪਕਾਂ ਨੂੰ ਵਿਦਿਆਰਥਣਾਂ ਨੂੰ ਪੜ੍ਹਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਹਿ-ਸਿੱਖਿਆ ’ਤੇ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲੱਗਣ ਦੀ ਉਮੀਦ ਹੈ। ਸਹਿ-ਸਿੱਖਿਆ ’ਤੇ ਪਾਬੰਦੀ ਪੂਰੀ ਤਰ੍ਹਾਂ ਕੁੜੀਆਂ ਦੀ ਸਿੱਖਿਆ ਨੂੰ ਕਮਜ਼ੋਰ ਕਰਨ ਵਾਲੀ ਹੈ। ਇਕ ਅਫਗਾਨੀ ਅਧਿਕਾਰੀ ਨੇ ਕਿਹਾ ਕਿ ਹੁਣ ਕੁੜੀਆਂ ਨੂੰ ਪੜ੍ਹਾਉਣ ਲਈ ਸਾਡੇ ਕੋਲ ਬਹੁਤ ਘੱਟ ਮਹਿਲਾ ਅਧਿਆਪਕ ਹਨ। ਇਸ ਤਰ੍ਹਾਂ ਕੁ਼ੜੀਆਂ ਨੂੰ ਪੜ੍ਹਾਉਣਾ ਮੁਸ਼ਕਲ ਹੋਵੇਗਾ। ਪਿਛਲੇ ਕੁਝ ਸਾਲਾਂ ’ਚ ਅਫਗਾਨਿਸਤਾਨ ਵਿਚ ਪ੍ਰਾਇਮਰੀ ਸਿੱਖਿਆ ਦੇ ਸਕੂਲਾਂ ਵਿਚ ਕੁੜੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਹਾਲਾਂਕਿ 2001 ਤੋਂ ਪਹਿਲਾਂ ਸਿੱਖਿਆ ਦੇ ਖੇਤਰ ਵਿਚ ਕੁੜੀਆਂ ਬਹੁਤ ਪੱਛੜ ਗਈਆਂ ਸਨ। ਤਾਲਿਬਾਨ ਦੇ ਆਉਣ ਨਾਲ ਇਕ ਵਾਰ ਮੁੜ ਕੁੜੀਆਂ ਦੀ ਸਿੱਖਿਆ ’ਤੇ ਸਵਾਲ ਖੜ੍ਹੇ ਹੋ ਗਏ ਹਨ।
ਹੇਰਾਤ ਸੂਬੇ ’ਚ ਸਹਿ-ਸਿੱਖਿਆ ’ਤੇ ਪਾਬੰਦੀ
ਖਾਮਾ ਪ੍ਰੈੱਸ ਏਜੰਸੀ ਅਨੁਸਾਰ ਤਾਲਿਬਾਨ ਦੇ ਉੱਚ ਸਿੱਖਿਆ ਪ੍ਰਤੀਨਿਧੀ ਮੁੱਲਾ ਫਰੀਦ ਨੇ 21 ਅਗਸਤ ਨੂੰ ਹੇਰਾਤ ਸੂਬੇ ਵਿਚ ਸਹਿ-ਸਿੱਖਿਆ ’ਤੇ ਪਾਬੰਦੀ ਲਾ ਦਿੱਤੀ। ਅਫਗਾਨਿਸਤਾਨ ਦੇ ਸਿੱਖਿਆ ਖੇਤਰ ਦੇ ਕਈ ਮਾਹਿਰਾਂ ਨੇ ਤਾਲਿਬਾਨ ਵਲੋਂ ਕੁੜੀਆਂ ਨੂੰ ਸਿੱਖਿਆ ਦੇਣ ਦੇ ਬਿਆਨ ਨੂੰ ਦੁਨੀਆ ਦੀਆਂ ਵੱਖ-ਵੱਖ ਸਰਕਾਰਾਂ ਤੋਂ ਜਾਇਜ਼ਤਾ ਦੀ ਮੰਗ ਕਰਨ ਵਾਲਾ ਭੁਲੇਖਾਪਾਊ ਪ੍ਰਚਾਰ ਦੱਸਿਆ ਹੈ। ਇਕ ਮੀਡੀਆ ਰਿਪੋਰਟ ਵਿਚ ਅਫਗਾਨਿਸਤਾਨ ’ਚ ਮਹਿਲਾ ਸਿੱਖਿਆ ਤੇ ਮਾਹਵਾਰੀ ਸਫਾਈ ’ਤੇ ਕੰਮ ਕਰਨ ਵਾਲੇ ਇਕ ਗੈਰ-ਲਾਭਕਾਰੀ ਸੰਗਠਨ ‘ਲਰਨ’ ਦੀ ਡਾਇਰੈਕਟਰ ਪਸ਼ਤਾਨਾ ਦੁਰਾਨੀ ਕਹਿੰਦੀ ਹੈ ਕਿ ਜੇ ਕੋਈ ਤਾਲਿਬਾਨ ਨੂੰ ਜੋ ਕਹਿ ਰਿਹਾ ਹੈ, ਉਸ ’ਤੇ ਵਿਸ਼ਵਾਸ ਕਰਦਾ ਹੈ ਤਾਂ ਉਹ ਝੂਠੀ ਜਨ-ਸੰਪਰਕ ਮੁਹਿੰਮ ਵਿਚ ਵਿਸ਼ਵਾਸ ਕਰ ਰਹੇ ਹਨ।

ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ


ਵਿੱਦਿਅਕ ਸੈਸ਼ਨ ਸ਼ੁਰੂ, ਵਿੱਦਿਅਕ ਸੰਸਥਾਵਾਂ ਬੰਦ
ਦੁਰਾਨੀ ਕਹਿੰਦੀ ਹੈ ਕਿ ਇਸ ਵੇਲੇ ਵਿਵਸਥਾ ਪੂਰੀ ਤਰ੍ਹਾਂ ਅਪਾਹਜ ਹੋ ਚੁੱਕੀ ਹੈ। ਵਿੱਦਿਅਕ ਸੈਸ਼ਨ ਸ਼ੁਰੂ ਹੋ ਗਿਆ ਹੈ ਪਰ ਸਕੂਲਾਂ ਵਿਚ ਕਲਾਸਾਂ ਸ਼ੁਰੂ ਨਹੀਂ ਹੋਈਆਂ। ਸਕੂਲ ਤੇ ਯੂਨੀਵਰਸਿਟੀਆਂ ਕਦੋਂ ਖੁੱਲ੍ਹਣਗੀਆਂ, ਇਸ ’ਤੇ ਕੁਝ ਵੀ ਸਪਸ਼ਟ ਨਹੀਂ। ਨੰਗਰਹਾਰ ਸੂਬੇ ਦੇ ਖੋਜੀ ਮੁਰਤਜਾ ਨਵਾਬ ਦੁਰਾਨੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਾਲਿਬਾਨ ’ਤੇ ਵਿਸ਼ਵਾਸ ਨਹੀਂ ਹੋ ਰਿਹਾ। ਨਵਾਬ ਫਿਲਹਾਲ ਆਪਣੇ ਪਾਸਪੋਰਟ ਦੇ ਭਾਰਤ ਰਵਾਨਾ ਹੋਣ ਦੀ ਉਡੀਕ ਕਰ ਰਹੇ ਹਨ। ਨਵਾਬ ਨੇ 2001 ਤੇ 2021 ਦੇ 2 ਤਾਲਿਬਾਨੀ ਸ਼ਾਸਕਾਂ ਦਰਮਿਆਨ ਅਫਗਾਨਿਸਤਾਨ ਵਲੋਂ ਕੀਤੀ ਗਈ ਤਰੱਕੀ ਦਾ ਹਿਸਾਬ ਲਾਇਆ ਹੈ। ਰਸਮੀ ਸਿੱਖਿਆ ਵਿਚ ਨਾਮਜ਼ਦ ਕੁੜੀਆਂ ਦੀ ਗਿਣਤੀ 2001 ਦੀ ਤੁਲਨਾ ’ਚ ਬਹੁਤ ਵੱਧ ਸੀ।
ਤਾਲਿਬਾਨ ਨੂੰ ਵਿਚਾਰਾਂ ’ਤੇ ਕਾਇਮ ਰਹਿਣ ਦੀ ਲੋੜ
ਕਈ ਅਫਗਾਨੀਆਂ ਦਾ ਮੰਨਣਾ ਹੈ ਕਿ ਪਹਿਲਾਂ ਚੁਣੀਆਂ ਗਈਆਂ ਸਰਕਾਰਾਂ ਦੌਰਾਨ ਹੋਈ ਤਰੱਕੀ ਨਵੇਂ ਸ਼ਾਸਨ ਤਹਿਤ ਵਾਪਸ ਆ ਸਕਦੀ ਹੈ। ਖਾਨਾਜੰਗੀ ਵਰਗੀ ਸਥਿਤੀ, ਖੇਤਰ ਵਿਚ ਸਮਾਜਿਕ-ਸਿਆਸੀ ਤਣਾਅ ਅਤੇ ਰਵਾਇਤੀ ਮਾਪਦੰਡਾਂ ਨੇ ਪਹਿਲਾਂ ਹੀ ਕੁੜੀਆਂ ਨੂੰ ਸਕੂਲਾਂ ’ਚੋਂ ਬਾਹਰ ਕਰ ਦਿੱਤਾ ਹੈ। ਹਾਲਾਂਕਿ ਸਾਰਿਆਂ ਨੇ ਉਮੀਦ ਨਹੀਂ ਗੁਆਈ। ਟੀਚ ਫਾਰ ਅਫਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹਿਮਤੁੱਲਾਹ ਅਰਮਾਨ ਕਹਿੰਦੇ ਹਨ ਕਿ ਤਾਲਿਬਾਨ ਬਾਰੇ ਸਾਡੇ ਜੋ ਸ਼ੁਰੂਆਤੀ ਵਿਚਾਰ ਸਨ, ਉਹ ਪੂਰੀ ਤਰ੍ਹਾਂ ਬਦਲ ਗਏ ਹਨ ਪਰ ਜ਼ਾਹਿਰ ਹੈ ਕਿ ਇਸ ਨੂੰ ਜਾਰੀ ਰੱਖਣ ਦੀ ਲੋੜ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News