ਪੀ. ਓ. ਕੇ. ’ਚ ਸ਼ੀਆ ਭਾਈਚਾਰਾ ਉਤਰਿਆ ਸੜਕਾਂ ’ਤੇ, ‘ਚਲੋ-ਚਲੋ, ਕਾਰਗਿਲ ਚਲੋ’ ਦੇ ਲਾਏ ਨਾਅਰੇ

Tuesday, Sep 05, 2023 - 06:50 PM (IST)

ਇਸਲਾਮਾਬਾਦ, (ਇੰਟ.)- ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ (ਪੀ. ਓ. ਕੇ.) ਦੇ ਗਿਲਗਿਤ-ਬਾਲਤਿਸਤਾਨ ਵਿਚ ਸ਼ੀਆ ਧਰਮ ਗੁਰੂ ਆਗਾ ਬਾਕੀਰ ਅਲ-ਹੁਸੈਨੀ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪ੍ਰਦਰਸ਼ਨਕਾਰੀ ਉਨ੍ਹਾਂ ਦੀ ਰਿਹਾਈ ਅਤੇ ਕਾਰਾਕੋਰਮ ਹਾਈਵੇ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਹਨ। ਸਥਿਤੀ ਖਾਨਾਜੰਗੀ ਵਰਗੀ ਹੈ । ਇੱਥੋਂ ਦੇ ਸ਼ੀਆ ਲੋਕ ਭਾਰਤ ਵਿੱਚ ਰਲੇਵੇਂ ਦੀ ਗੱਲ ਕਰ ਰਹੇ ਹਨ।

ਹਜ਼ਾਰਾਂ ਲੋਕ ਵਿਰੋਧ ਦੇ ਨਾਂ ’ਤੇ ਸੜਕਾਂ ’ਤੇ ਉੱਤਰੇ ਹੋਏ ਹਨ। ਸੜਕਾਂ ’ਤੇ ‘ਚਲੋ- ਚਲੋ, ਕਾਰਗਿਲ ਚਲੋ’ ਦੇ ਨਾਅਰੇ ਲੱਗ ਰਹੇ ਹਨ। ਜਿਸ ਤਰ੍ਹਾਂ ਲੋਕਾਂ ’ਚ ਰੋਹ ਪਾਇਆ ਜਾ ਰਿਹਾ ਹੈ, ਉਥੇ ਸਥਿਤੀ ਕਿਸੇ ਵੀ ਸਮੇਂ ਗੰਭੀਰ ਹੋ ਸਕਦੀ ਹੈ। ਮੌਲਵੀ ਆਗਾ ਬਾਕੀਰ ਅਲ-ਹੁਸੈਨੀ, ਜੋ ਸ਼ੀਆ ਭਾਈਚਾਰੇ ਨਾਲ ਸਬੰਧਤ ਹਨ, ਦੇ ਖਿਲਾਫ ਇਕ ਧਾਰਮਿਕ ਇਕੱਠ ਵਿਚ ਟਿੱਪਣੀ ਕਰਨ ’ਤੇ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿਚ ਮੌਲਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮੰਨਿਆ ਜਾ ਰਿਹਾ ਹੈ ਕਿ ਸ਼ੀਆ ਧਾਰਮਿਕ ਆਗੂ ਨੂੰ ਗ੍ਰਿਫ਼ਤਾਰ ਕਰਨ ਦਾ ਕਾਰਨ ਉਨ੍ਹਾਂ ਦੀ ਸਿਆਸੀ ਸਰਗਰਮੀ ਹੈ। ਹਾਲ ਹੀ ’ਚ ਇਕ ਧਾਰਮਿਕ ਸਮਾਗਮ ’ਚ ਉਨ੍ਹਾਂ ਪੈਗੰਬਰ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਦੇ ਕਾਤਲ ਯਜ਼ੀਦ ਦੀ ਸਖ਼ਤ ਆਲੋਚਨਾ ਕੀਤੀ ਸੀ।

ਸ਼ੀਆ ਧਾਰਮਿਕ ਨੇਤਾ ਨੂੰ ਪਾਕਿਸਤਾਨ ਦੇ ਪ੍ਰਚਲਿਤ ਈਸ਼ਨਿੰਦਾ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਗਿਲਗਿਤ ਦੇ ਸਥਾਨਕ ਲੋਕ ਸ਼ੀਆ ਮੌਲਵੀ ਦੀ ਗ੍ਰਿਫਤਾਰੀ ਤੋਂ ਬੇਹੱਦ ਨਾਰਾਜ਼ ਹਨ, ਜਿਸ ਕਾਰਨ ਸਥਾਨਕ ਨੇਤਾਵਾਂ ਨੇ ਪਾਕਿਸਤਾਨੀ ਪ੍ਰਸ਼ਾਸਨ ਨੂੰ ਖਾਨਾਜੰਗੀ ਦੀ ਚਿਤਾਵਨੀ ਦਿੱਤੀ ਹੈ।


Rakesh

Content Editor

Related News