ਰਾਸ਼ਟਰੀ ਗੀਤ ਦੌਰਾਨ ਕੰਬਣ ਲੱਗੀ ਐਂਜਲਾ ਮਰਕੇਲ, ਵੀਡੀਓ ਵਾਇਰਲ
Wednesday, Jun 19, 2019 - 12:15 PM (IST)
ਬਰਲਿਨ (ਬਿਊਰੋ)— ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਮਰਕੇਲ ਰਾਸ਼ਟਰੀ ਗੀਤ ਦੌਰਾਨ ਬੁਰੀ ਤਰ੍ਹਾਂ ਕੰਬਦੀ ਹੋਈ ਦਿੱਸ ਰਹੀ ਹੈ। ਵੀਡੀਓ ਵਾਇਰਲ ਹੋਣ ਦੇ ਬਾਅਦ ਮਰਕੇਲ ਦੀ ਸਿਹਤ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਭਾਵੇਂਕਿ ਮਰਕੇਲ ਨੇ ਪੱਤਰਕਾਰਾਂ ਨਾਲ ਕੁਝ ਦੇਰ ਬਾਅਦ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਕਾਰਨ ਇਹ ਪਰੇਸ਼ਾਨੀ ਹੋਈ ਅਤੇ ਹੁਣ ਉਹ ਬਿਹਤਰ ਹੈ।''
ਮਰਕੇਲ ਯੂਕਰੇਨ ਦੇ ਨਵੇਂ ਰਾਸ਼ਟਰਪਤੀ ਵੋਲੋਦੀਮੀਰ ਜੇਲੰਸਕੀ ਦੇ ਸਵਾਗਤ ਲਈ ਮੌਜੂਦ ਸੀ। ਉਸੇ ਦੌਰਾਨ ਜਦੋਂ ਰਾਸ਼ਟਰੀ ਗੀਤ ਸ਼ੁਰੂ ਹੋਇਆ ਤਾਂ ਮਰਕੇਲ ਬੁਰੀ ਤਰ੍ਹਾਂ ਕੰਬਣ ਲੱਗੀ। ਉਨ੍ਹਾਂ ਦੇ ਚਿਹਰੇ ਤੋਂ ਸਪੱਸ਼ਟ ਸੀ ਕਿ ਉਹ ਕਾਫੀ ਬੀਮਾਰ ਹਨ। ਮਰਕੇਲ ਨੇ ਰਾਸ਼ਟਰੀ ਗੀਤ ਦੌਰਾਨ ਪੂਰੀ ਹਿੰਮਤ ਦਿਖਾਈ ਅਤੇ ਕੰਬਣ ਦੇ ਬਾਵਜੂਦ ਖੜ੍ਹੀ ਰਹੀ। ਰਾਸ਼ਟਰੀ ਗੀਤ ਖਤਮ ਹੋਣ ਦੇ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਨੇ ਉਨ੍ਹਾਂ ਵੱਲ ਦੇਖਿਆ ਅਤੇ ਉਨ੍ਹਾਂ ਨੇ ਵੀ ਮਹਿਸੂਸ ਕੀਤਾ ਕਿ ਮਰਕੇਲ ਦੀ ਤਬੀਅਤ ਠੀਕ ਨਹੀਂ।
ਕੁਝ ਦੇਰ ਬਾਅਦ ਰੈੱਡ ਕਾਰਪੇਟ 'ਤੇ ਜਦੋਂ ਮਰਕੇਲ ਮੀਡੀਆ ਸਾਹਮਣੇ ਆਈ ਤਾਂ ਉਹ ਪਹਿਲਾਂ ਨਾਲੋਂ ਕਾਫੀ ਠੀਕ ਨਜ਼ਰ ਆ ਰਹੀ ਸੀ। ਮੀਡੀਆ ਨੇ ਜਦੋਂ ਮਰਕੇਲ ਤੋਂ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ,''ਹੁਣ ਉਹ ਬਿਹਤਰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ 3 ਗਿਲਾਸ ਪਾਣੀ ਪੀਤਾ ਹੈ ਜਿਸ ਨਾਲ ਕਾਫੀ ਬਿਹਤਰ ਮਹਿਸੂਸ ਕਰ ਰਹੀ ਹੈ।''