ਅਫ਼ਗਾਨਿਸਤਾਨ ’ਚ ‘ਤਾਲਿਬਾਨੀ ਰਾਜ’ ਖ਼ਿਲਾਫ਼ ਜਰਮਨੀ ’ਚ ਅਫ਼ਗਾਨ ਪ੍ਰਵਾਸੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

09/12/2021 5:12:18 PM

ਹੈਮਬਰਗ— ਜਰਮਨੀ ਵਿਚ ਰਹਿਣ ਵਾਲੇ ਸੈਂਕੜੇ ਅਫ਼ਗਾਨਾਂ ਨੇ ਤਾਲਿਬਾਨ ਖ਼ਿਲਾਫ਼ ਹੈਮਬਰਗ ਵਿਚ ਪ੍ਰਦਰਸ਼ਨ ਕੀਤਾ ਅਤੇ ਕੌਮਾਂਤਰੀ ਭਾਈਚਾਰੇ ਤੋਂ ਅਫ਼ਗਾਨਿਸਤਾਨ ’ਚ ਔਰਤਾਂ ਦੇ ਅਧਿਕਾਰਾਂ ਨੂੰ ਯਕੀਨੀ ਕਰਨ ਅਤੇ ਦੇਸ਼ ਦੇ ਸਨਮਾਨ ਦੀ ਰਾਖੀ ਲਈ ਸਮੂਹ ’ਤੇ ਦਬਾਅ ਬਣਾਉਣ ਦੀ ਅਪੀਲ ਕੀਤੀ। ਇਕ ਰਿਪੋਰਟ ਮੁਤਾਬਕ ਅਫ਼ਗਾਨ ਨਾਗਰਿਕ ਆਪਣੇ ਹੱਥਾਂ ’ਚ ਰਾਸ਼ਟਰੀ ਝੰਡੇ ਫੜੇ ਹੋਏ ਨਜ਼ਰ ਆਏ। ਉਨ੍ਹਾਂ ਨੇ ਅਫ਼ਗਾਨਿਸਤਾਨ ਵਿਚ ਔਰਤਾਂ ਦੇ ਅਧਿਕਾਰਾਂ, ਦੇਸ਼ ਦੀ ਹੋਂਦ ਅਤੇ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਨਾਗਰਿਕ ਅਧਿਕਾਰਾਂ ਨਾਲ ਰਾਸ਼ਟਰੀ ਸਨਮਾਨ ਦੀ ਸੁਰੱਖਿਆ ਯਕੀਨੀ ਕਰਨ ਦੀਆਂ ਮੰਗਾਂ ਵਾਲੇ ਪੋਸਟਰ ਲਹਿਰਾਏ। 

ਦੱਸ ਦੇਈਏ ਕਿ 15 ਅਗਸਤ 2021 ਨੂੰ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਆਪਣਾ ਕਬਜ਼ਾ ਕਰ ਲਿਆ ਸੀ। ਅਫ਼ਗਾਨਿਸਤਾਨ ਦੇ ਲੋਕਾਂ ਨਾਲ ਇਕਜੁਟਤਾ ਲਈ ਦੁਨੀਆ ਭਰ ਵਿਚ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਕ ਕਾਰਕੁੰਨ ਨੇ ਕਿਹਾ ਕਿ ਅਫ਼ਗਾਨ ਨਾਗਰਿਕ 21 ਸਤੰਬਰ ਨੂੰ ਕੌਮਾਂਤਰੀ ਸ਼ਾਂਤੀ ਦਿਵਸ ’ਤੇ ਜੇਨੇਵਾ ਵਿਚ ਸੰਯੁਕਤ ਰਾਸ਼ਟਰ ਦਫ਼ਤਰ ਦੇ ਬਾਹਰ ਤਾਲਿਬਾਨ ਸ਼ਾਸਨ ਵਲੋਂ ਧਾਰਮਿਕ ਅਤੇ ਘੱਟ ਗਿਣਤੀ ਦੇ ਅੱਤਿਆਚਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਤਿਆਰ ਹਨ। 

ਤਾਲਿਬਾਨ ਨੇ ਮੰਗਲਵਾਰ ਨੂੰ ਆਪਣੀ ਨਵੀਂ ਸਰਕਾਰ ਵਿਚ ਕਟੜਪੰਥੀਆਂ ਦੀ ਨਿਯੁਕਤੀ ਕਰਦੇ ਹੋਏ ਅੰਤਰਿਮ ‘ਇਸਲਾਮਿਕ ਅਮੀਰਾਤ’ ਦਾ ਗਠਨ ਕੀਤਾ। ਮੁੱਖ ਬੁਲਾਰੇ ਜਬੀਹੁਲਾਹ ਮੁਜਾਹਿਦ ਵਲੋਂ ਐਲਾਨੀ ਸੂਚੀ ਵਿਚ ਸਮੂਹ ਦੇ ਪੁਰਾਣੇ ਮੈਂਬਰਾਂ ਦਾ ਦਬਦਬਾ ਸੀ, ਜਿਸ ’ਚ ਕੋਈ ਮਹਿਲਾ ਸ਼ਾਮਲ ਨਹੀਂ ਸੀ। ਦੇਸ਼ ਤੋਂ ਅਮਰੀਕੀ ਅਤੇ ਨਾਟੋ ਫ਼ੌਜੀਆਂ ਦੀ ਵਾਪਸੀ ਦਰਮਿਆਨ ਸਰਕਾਰੀ ਬਲਾਂ ਖ਼ਿਲਾਫ਼ ਹਮਲਾ ਹੋਰ ਤੇਜ਼ ਕਰਨ ਮਗਰੋਂ ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ ’ਚ ਐਂਟਰੀ ਕੀਤੀ ਸੀ, ਜਿਸ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਦੌੜ ਗਏ।


Tanu

Content Editor

Related News