ਅੱਤਵਾਦ ਵਿਰੁੱਧ ਮਿਲ ਕੇ ਲੜਾਂਗੇ : ਅਸ਼ਰਫ ਗਨੀ
Tuesday, Aug 08, 2017 - 12:21 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਅੱਤਵਾਦ ਵਿਰੁੱਧ ਮਿਲ ਕੇ ਲੜਨ 'ਤੇ ਸਹਿਮਤੀ ਜ਼ਾਹਰ ਕੀਤੀ ਹੈ। ਪਾਕਿਸਤਾਨੀ ਅਖਬਾਰ 'ਡਾਨ' ਵਿਚ ਪ੍ਰਕਾਸ਼ਤ ਖਬਰ ਮੁਤਾਬਕ ਦੋਹਾਂ ਨੇਤਾਵਾਂ ਨੇ ਕੱਲ ਭਾਵ ਸੋਮਵਾਰ ਨੂੰ ਫੋਨ 'ਤੇ ਗੱਲਬਾਤ ਕੀਤੀ, ਜਿਸ ਵਿਚ ਅੱਤਵਾਦ ਦੇ ਵਿਰੁੱਧ ਅਤੇ ਹੋਰ ਚੁਣੌਤੀਆਂ ਨਾਲ ਮਿਲ ਕੇ ਲੜਨ 'ਤੇ ਸਹਿਮਤੀ ਜ਼ਾਹਰ ਕੀਤੀ ਗਈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਜਾਰੀ ਇਕ ਬਿਆਨ ਮੁਤਾਬਕ ਗਨੀ ਨੇ ਅੱਬਾਸੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਹੋਣ 'ਤੇ ਵਧਾਈ ਦਿੱਤੀ। ਗਨੀ ਨੇ ਸ਼ਾਂਤੀਪੂਰਨ ਤਰੀਕੇ ਨਾਲ ਸੱਤਾ ਪਰਿਵਰਤਨ ਲਈ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਪਾਕਿਸਤਾਨ 'ਚ ਲੋਕਤੰਤਰ ਲਈ ਚੰਗਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਨੇ ਗਨੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਤਵਾਦ ਦੋਹਾਂ ਦੇਸ਼ਾਂ ਲਈ ਖਤਰਾ ਹੈ, ਇਸ ਲਈ ਇਸ ਦੇ ਵਿਰੁੱਧ ਇਕਜੁੱਟ ਹੋ ਕੇ ਲੜਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਖੇਤਰ ਵਿਚ ਸੁਰੱਖਿਆ ਅਤੇ ਸਥਿਰਤਾ ਲਈ ਅਫਗਾਨਿਸਤਾਨ ਨਾਲ ਮਿਲ ਕੇ ਕੰਮ ਕਰਾਂਗੇ।