ਮੈਲਬੋਰਨ ਵਿਚ ਗੱਜਣਵਾਲਾ ਸੁਖਮਿੰਦਰ ਦੀ ਪੁਸਤਕ ਕੀਤੀ ਗਈ ਰਿਲੀਜ਼

09/02/2019 2:47:05 PM

ਮੈਲਬੋਰਨ, (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਮੈਲਬੋਰਨ ਵਿੱਚ ਨਾਮਵਰ ਸਖਸ਼ੀਅਤਾਂ ਵੱਲੋਂ ਆਯੋਜਤ ਪ੍ਰੋਗਰਾਮ ਵਿਚ ਲੇਖਕ ਤੇ ਕਾਲਮਨਵੀਸ ਰਿਸਰਚ ਸਕਾਲਰ ਗੱਜਣਵਾਲਾ ਸੁਖਮਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ । ਉਸ ਦੀ ਚਰਚਿਤ ਪੁਸਤਕ ‘ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ’ ਰਿਲੀਜ਼ ਕਰਦਿਆਂ ਉਸ ‘ਤੇ ਵਿਚਾਰ ਗੋਸ਼ਟੀ ਕੀਤੀ। ਇਸ ਮੌਕੇ ਗੱਜਣਵਾਲਾ ਸੁਖਮਿੰਦਰ ਨੇ ਸ਼ੁਰੂਆਤੀ ਸ਼ਬਦਾਂ ਵਿਚ ਕਿਹਾ ਕਿ ਗੁਰੂ ਸਾਹਿਬ  ਨੇ ਸਭ ਧਰਮਾਂ ਨੂੰ ਮੁਬਾਰਕ ਕਿਹਾ। ਅਸੀਂ ਸਿਆਸੀ ਇਸਲਾਮ ਤੇ ਧਾਰਮਿਕ ਇਸਲਾਮ ਵਿਚ ਨਿਖੇੜਾ ਨਹੀਂ ਕਰ ਸਕੇ। ਧਾਰਮਿਕ ਇਸਲਾਮ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਵਿਰੁੱਧ ਨਹੀਂ ਸੀ ਪਰ ਸਾਂਝ-ਭਿਆਲੀ ਰੱਖਣ ਵਾਲਾ ਸੀ। ਇਸੇ ਕਰਕੇ ਇਸਲਾਮੀ ਪੀਰ-ਫਕੀਰਾਂ ਆਲਮ ਫਾਜ਼ਲਾਂ ਦੀ ਗੁਰੂ ਸਾਹਿਬਾਨ ਨਾਲ ਨੇੜਤਾ ਵਾਲਾ ਸੰਬੰਧ ਬਣਿਆ ਰਿਹਾ । ਧਰਮਾਂ ਵਿਚ ਉਪਜੀ ਅਸਹਿਣਸ਼ੀਲਤਾ ਕੱਟੜਵਾਦ ਤੇ ਰਾਜਸੀ ਹਉਮੈ ਦਾ ਨਤੀਜਾ ਹੈ ।ਗੁਰੂ ਸਾਹਿਬਾਨ ਦਾ ਮੱਤ ਰੰਗਾਂ  ਜਾਤਾਂ ਮਜਹਬਾਂ ਤੋਂ ਉਪਰ ਸਮਾਜਿਕ ਭਾਈਚਾਰਕ ਸਾਂਝ ਪੈਦਾ ਕਰਵਾ ਰਿਹਾ ਹੈ ।

ਪ੍ਰਸਿੱਧ ਇਮੀਗ੍ਰੇਸ਼ਨ ਸਲਾਹਕਾਰ ਕਰਨਲ ਬਿੱਕਰ ਸਿੰਘ ਬਰਾੜ ਨੇ ਕਿਹਾ ਹਰ ਧਰਮ ਮਨੁੱਖ ਨੂੰ ਚੰਗੇ ਸੰਸਕਾਰ ਦਿੰਦਾ ਹੈ ਤੇ ਸੂਝਵਾਨ ਇਨਸਾਨ ਬਣਨ ਵੱਲ ਪ੍ਰੇਰਿਤ ਕਰਦਾ ਹੈ। ਸਥਾਨਕ ਰੇਡੀਓ ਤੋਂ ਚੇਅਰਮੈਨ ਮਨਮੋਹਨ ਸਿੰਘ ਸ਼ੇਰਗਿੱਲ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੋਹ-ਮਾਇਆ ਦਾ ਹੰਕਾਰ, ਮਨੁੱਖ ਨੂੰ ਧਰਮ ਦੇ ਅਸਲ ਸਿਧਾਂਤ ਤੋਂ ਦੂਰ ਕਰਦਾ ਜਾ ਰਿਹਾ । 

ਆਸਟ੍ਰੇਲੀਆ ਪੰਜਾਬੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਖਹਿਰਾ ਨੇ ਕਿਤਾਬ ਦੇ ਹਵਾਲੇ ਨਾਲ ਕਿਹਾ ਕਿ ਇਸ ਤਰ੍ਹਾਂ ਦੀਆਂ ਲਿਖਤਾਂ ਸਾਡੀਆਂ ਅਗਲੀਆਂ ਨਸਲਾਂ ਨੂੰ ਸਾਡੇ ਵਿਰਸੇ ਨਾਲ ਜੋੜੀ ਰੱਖਣ ਦਾ ਬਹੁਤ ਹੀ ਸਹੀ ਉਪਰਾਲਾ ਹੈ। ਬਲੈਕਬਰਨ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਲਾਇਬਰੇਰੀ ਦੇ ਕਰਤਾ-ਧਰਤਾ ਵੀਰਇੰਦਰ ਸਿੰਘ  ਨੇ ਕਿਹਾ ਕਿ ਅੱਜ ਕੌਮ ਨੂੰ ਧਾਰਮਿਕ ਸਾਹਿਤ ਵੱਲ ਰੁਚਿਤ ਹੋਣ ਦੀ ਬਹੁਤ ਲੋੜ ਹੈ ਜਿਥੋਂ ਗੁਰੂ ਸਾਹਿਬਾਨ  ਦੇ  ਉੁਦੇਸ਼ਮਈ ਜੀਵਨ ਬਿਰਤਾਂਤ ਦਾ ਪਤਾ ਚੱਲਦਾ ਹੈ। ਇਨ੍ਹਾਂ ਤੋਂ ਇਲਾਵਾ ਪਾਲ ਸਿੰਘ ਬਘੇਲੇਵਾਲੀਆ, ਚੇਤਨ ਆਰਟਿਸਟ, ਡਾਕਟਰ ਦਮਨਜੀਤ ਸਿੰਘ ਜਮਨਾਨਗਰ , ਚੇਤਨ , ਰੇਡੀਓ ਆਰਟਿਸਟ  ਕਰਨ ਰਾਜਪੁਰਾ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ । ਆਸਟ੍ਰੇਲੀਆ ਦੇ ਮਕਬੂਲ ਹਰਮਨ ਰੇਡੀਓ ਦੇ ਪੇਸ਼ ਕਰਤਾ ਅਤੇ ਲੇਖਕ ਹਰਮੰਦਰ ਕੰਗ ਨੇ ਗੋਸ਼ਟੀ ਦਾ ਸੰਚਾਲਨ ਕੀਤਾ ਅਖੀਰ ਵਿਚ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
 


Related News