ਫਰਿਜ਼ਨੋ ਦੇ ਖੇਤਾਂ ''ਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਪਾਇਲਟ ਸੁਰੱਖਿਅਤ
Monday, Mar 15, 2021 - 02:27 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜ਼ਨੋ ਵਿੱਚ ਹੈਲੀਕਾਪਟਰ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਪਾਇਲਟ ਪੂਰੀ ਤਰ੍ਹਾਂ ਸੁਰੱਖਿਅਤ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਦੇ ਦਿਨ ਦਿਹਾਤੀ ਫਰਿਜ਼ਨੋ ਕਾਊਂਟੀ ਦੇ ਲਾਤੋਂ ਨੇੜੇ ਖੇਤ ਸਪਰੇਅ ਦਾ ਛਿੜਕਾਅ ਕਰਦਿਆਂ ਇੱਕ ਹੈਲੀਕਾਪਟਰ ਬਿਜਲੀ ਦੀਆਂ ਲਾਈਨਾਂ ਕਰਕੇ ਹਾਦਸਾਗ੍ਰਸਤ ਹੋ ਗਿਆ।
ਹੈਲੀਕਾਪਟਰ ਦੇ ਪਾਇਲਟ ਟ੍ਰਿੰਕਲ ਅਨੁਸਾਰ ਖੇਤਰ ਵਿੱਚ ਕਈ ਬਿਜਲੀ ਦੀਆਂ ਲਾਈਨਾਂ ਸਨ ਅਤੇ ਉਹ ਲਾਈਨ ਦੇ ਇੱਕ ਸੈੱਟ ਦੇ ਹੇਠਾਂ ਚਲਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਪਾਇਲਟ ਅਨੁਸਾਰ ਹਾਦਸੇ ਉਪਰੰਤ ਉਹ ਕਿਸਮਤ ਨਾਲ ਜਹਾਜ਼ ਦੇ ਮਲਬੇ ਵਿੱਚੋਂ ਕੁੱਝ ਖਰੋਚਾਂ ਨਾਲ ਸਹੀ ਸਲਾਮਤ ਬਾਹਰ ਨਿਕਲਿਆ ਅਤੇ ਹਾਦਸੇ ਦੌਰਾਨ ਉਸਦੇ ਇਲਾਵਾ ਕੋਈ ਹੋਰ ਜਹਾਜ਼ ਵਿਚ ਨਹੀਂ ਸੀ।
ਇੱਕ ਰਾਹਗੀਰ ਨੇ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਖ਼ਬਰ ਦਿੱਤੀ। ਫਰਿਜ਼ਨੋ ਕਾਊਂਟੀ ਸ਼ੈਰਿਫ ਦੇ ਲੈਫਟੀਨੈਂਟ ਰਾਬਰਟ ਸਲਾਜ਼ਾਰ ਨੇ ਕਿਹਾ ਕਿ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਹਾਦਸੇ ਦੀ ਜਾਂਚ ਕਰੇਗਾ। ਇਸਦੇ ਇਲਾਵਾ ਬਿਜਲੀ ਕੰਪਨੀ ਪੀ. ਜੀ. ਐਂਡ ਈ ਦੇ ਬੁਲਾਰੇ ਜੇ. ਡੀ. ਗੌਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਨਾਲ ਇੱਕ ਖੰਭੇ ਦੇ ਟੁੱਟਣ ਕਾਰਨ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਕਈ ਲੋਕਾਂ ਨੂੰ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ।