ਫਰਾਂਸ ਨੇ ਅਫ਼ਗਾਨਿਸਤਾਨ ’ਚ ਨਿਕਾਸੀ ਮੁਹਿੰਮ ਕੀਤੀ ਸਮਾਪਤ

Saturday, Aug 28, 2021 - 02:27 PM (IST)

ਫਰਾਂਸ ਨੇ ਅਫ਼ਗਾਨਿਸਤਾਨ ’ਚ ਨਿਕਾਸੀ ਮੁਹਿੰਮ ਕੀਤੀ ਸਮਾਪਤ

ਪੈਰਿਸ (ਭਾਸ਼ਾ) : ਫਰਾਂਸ ਨੇ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਮੁਹਿੰਮ ਸ਼ੁੱਕਰਵਾਰ ਨੂੰ ਸਮਾਪਤ ਕਰ ਦਿੱਤੀ ਅਤੇ ਕਾਬੁਲ ਹਵਾਈ ਅੱਡੇ ’ਤੇ ਬਣਾਏ ਗਏ ਫਰਾਂਸ ਦੇ ਅਸਥਾਈ ਦੂਤਘਰ ਨੂੰ ਵੀ ਬੰਦ ਕਰ ਦਿੱਤਾ। ਵਿਦੇਸ਼ ਮੰਤਰੀ ਜੀਨ ਯੇਸ ਲੀ ਡ੍ਰਿਆਨ ਅਤੇ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੇ ਐਲਾਨ ਕੀਤਾ ਕਿ ਨਿਕਾਸੀ ਮੁਹਿੰਮ ਵਿਚ ਅਫ਼ਗਾਨਿਸਤਾਨ ਤੋਂ ਕਰੀਬ 3 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਇਕ ਬਿਆਨ ਵਿਚ ਕਿਹਾ ਗਿਆ, ‘ਕਾਬੁਲ ਵਿਚ ਫ੍ਰਾਂਸੀਸੀ ਦੂਤਘਰ ਦਾ ਦਲ ਫਰਾਂਸ ਪਰਤਣ ਤੋਂ ਪਹਿਲਾਂ ਆਬੂ ਧਾਬੀ ਪਹੁੰਚ ਗਿਆ ਹੈ।’ ਇਸ ਵਿਚ ਕਿਹਾ ਗਿਆ ਕਿ ਰਾਜਦੂਤ ਡੈਵਿਡ ਮਾਰਟਿਨਨ ਵੀ ਜਲਦ ਦੇਸ਼ ਪਹੁੰਚਣ ਵਾਲੇ ਹਨ। ਫਰਾਂਸ ਨੇ ਆਬੂ ਧਾਬੀ ਵਿਚ ਇਕ ਅਸਥਾਈ ਕੇਂਦਰ (ਟ੍ਰਾਂਜ਼ਿਟ ਪੁਆਇੰਟ) ਬਣਾਇਆ ਹੈ। ਪੈਰਿਸ ਜਾਣ ਵਾਲੇ ਜਹਾਜ਼ਾਂ ਨੂੰ ਪਹਿਲਾਂ ਉਥੇ ਉਤਰਨਾ ਹੁੰਦਾ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਰਾਜਦੂਤ ਅਤੇ ਹੋਰ ਕਰਮਚਾਰੀ ਅਗਲੇ ਕੁੱਝ ਦਿਨਾਂ ਵਿਚ ਕਾਬੁਲ ਛੱਡ ਦੇਣਗੇ ਅਤੇ ਉਹ ਉਡਾਣ ਕਾਬੁਲ ਤੋਂ ਫਰਾਂਸ ਦੀ ਆਖ਼ਰੀ ਉਡਾਣਾਂ ਵਿਚੋਂ ਇਕ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜਦੂਤ ਦੀ ਨਿਯੁਕਤੀ ਉਹੀ ਰਹੇਗੀ ਪਰ ਸੁਰੱਖਿਆ ਕਾਰਨਾਂ ਤੋਂ ਉਹ ਪੈਰਿਸ ਤੋਂ ਹੀ ਸੇਵਾਵਾਂ ਦੇਣਗੇ।

ਮੰਤਰੀਆਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਫਰਾਂਸ ਖ਼ਤਰੇ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਪਨਾਹ ਦੇਣ ਦਾ ਕੰਮ 31 ਅਗਸਤ ਦੇ ਬਾਅਦ ਵੀ ਜਾਰੀ ਰੱਖੇਗਾ। ਅਸੀਂ ਤਾਲਿਬਾਨੀ ਅਧਿਕਾਰੀਆਂ ਨਾਲ ਆਪਣੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਜਾਰੀ ਰੱਖ ਰਹੇ ਹਾਂ ਕਿ ਉਹ 31 ਅਗਸਤ ਦੇ ਬਾਅਦ ਦੇਸ਼ ਛੱਡਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਨਿਕਾਸੀ ਵਿਚ ਰੁਕਾਵਟ ਨਹੀਂ ਬਣਨਗੇ।


author

cherry

Content Editor

Related News