ਫਰਾਂਸ : ਉਸਾਰੀ ਅਧੀਨ ਮਸਜਿਦ ''ਚ ਮਿਲਿਆ ਸੂਰ ਦਾ ਸਿਰ, ਭਾਈਚਾਰੇ ''ਚ ਗੁੱਸਾ

03/26/2019 5:38:26 PM

ਪੈਰਿਸ (ਬਿਊਰੋ)— ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਫਰਾਂਸ ਦਾ ਹੈ। ਇੱਥੇ ਉਸਾਰੀ ਅਧੀਨ ਮਸਜਿਦ ਵਿਚ ਕੰਮ ਕਰ ਰਹੇ ਮਜ਼ਦੂਰਾਂ ਨੇ ਸੂਰ ਦਾ ਸਿਰ ਬਰਾਮਦ ਕੀਤਾ। ਇਸ ਮਗਰੋਂ ਉੱਥੇ ਵਿਵਾਦ ਜਿਹੀ ਸਥਿਤੀ ਪੈਦਾ ਹੋ ਗਈ। ਬੀਤੇ ਇਕ ਦਹਾਕੇ ਵਿਚ ਫਰਾਂਸ ਵਿਚ ਮੁਸਲਮਾਨਾਂ ਦੇ ਪ੍ਰਾਰਥਨਾ ਸਥਲ 'ਤੇ ਹਮਲੇ ਦੀ ਕੜੀ ਵਿਚ ਇਹ ਨਵਾਂ ਘਟਨਾਕ੍ਰਮ ਹੈ।

ਫਰਾਂਸ ਦੇ ਬਰਗੇਰਕ ਦੇ ਛੋਟੇ ਜਿਹੇ ਕਸਬੇ ਵਿਚ ਮਸਜਿਦ ਦਾ ਨਿਰਮਾਣ ਚੱਲ ਰਿਹਾ ਹੈ। ਇਹ ਜਗ੍ਹਾ ਖਾਸ ਕਿਸਮ ਦੀ ਸ਼ਰਾਬ ਲਈ ਜਾਣੀ ਜਾਂਦੀ ਹੈ। ਸਾਲ 2017 ਵਿਚ ਮਸਜਿਦ ਦੇ ਨਿਰਮਾਣ ਦੇ ਐਲਾਨ ਦੇ ਸਮੇਂ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੀ। ਭਾਵੇਂਕਿ ਸਥਾਨਕ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਅਕਤੂਬਰ 2018 ਵਿਚ ਮਸਜਿਦ ਦੇ ਨਿਰਮਾਣ ਨੂੰ ਮਨਜ਼ੂਰੀ ਮਿਲ ਗਈ ਸੀ। ਬਰਗੇਰਕ ਦੇ ਡਿਪਟੀ ਸਰਕਾਰੀ ਵਕੀਲ ਚਾਰਲਸ ਕਾਰੋਲਿਸ ਨੇ ਕਿਹਾ,''ਸ਼ਰਾਰਤੀ ਤੱਤਾਂ ਨੇ ਜਾਨਵਰ ਦੇ ਖੂਨ ਨਾਲ ਕੰਧਾਂ ਰੰਗ ਦਿੱਤੀਆਂ ਅਤੇ ਉਸਾਰੀ ਅਧੀਨ ਇਲਾਕੇ ਦੇ ਮੁੱਖ ਦਰਵਾਜੇ 'ਤੇ ਸੂਰ ਦਾ ਕੱਟਿਆ ਹੋਇਆ ਸਿਰ ਰੱਖ ਦਿੱਤਾ।'' 

ਕੁਝ ਸ਼ਰਾਰਤੀ ਤੱਤਾਂ ਨੇ ਰਾਤ ਵਿਚ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਜਦੋਂ ਸਵੇਰੇ ਮਜ਼ਦੂਰ ਉੱਥੇ ਪਹੁੰਚੇ ਤਾਂ ਇਸ ਬਾਰੇ ਪਤਾ ਚੱਲਿਆ। ਕਾਰੋਲਿਸ ਨੇ ਕਿਹਾ,''ਇਹ ਪ੍ਰਾਜੈਕਟ ਵਿਵਾਦਮਈ ਹੈ। ਇਸ ਤੋਂ ਪਹਿਲਾਂ ਮਸਜਿਦ ਦੇ ਨਿਰਮਾਣ ਕੰਮ ਨੂੰ ਰੋਕਣ ਲਈ ਪ੍ਰਬੰਧਕੀ ਅਤੇ ਕਾਨੂੰਨੀ ਅਪੀਲ ਹੋ ਚੁੱਕੀ ਹੈ। ਇਸ ਲਈ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਹੋਣ ਦਾ ਖਦਸ਼ਾ ਹੈ।'' ਬਰਗੇਰਕ ਪੁਲਸ ਕਮਿਸ਼ਨਰ ਫ੍ਰੈਡਰਿਕ ਪੇਰੀਸਤ ਨੇ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਪ੍ਰਗਟਾਵੇ ਦੀ ਆਜ਼ਾਦੀ ਨੂੰ ਨੁਕਸਾਨ ਪਹੁੰਚਦਾ ਹੈ। ਇਹ ਚਰਚ ਅਤੇ ਰਾਜ ਨੂੰ ਵੱਖਰਾ ਰੱਖਣ ਦੇ ਸਿਧਾਂਤ ਦੇ ਉਲਟ ਹੈ। ਉਨ੍ਹਾਂ ਨੇ ਭਾਈਚਾਰਿਆਂ ਵਿਚ ਆਪਸੀ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। 

ਮੇਅਰ ਡੇਨੀਅਲ ਗੈਰੀਗਿਊ ਨੇ ਦੱਸਿਆ,''ਬੀਤੇ ਕੁਝ ਦਿਨਾਂ ਤੋਂ ਸ਼ਹਿਰ ਵਿਚ 'ਬਰਗਰੇਕ ਪੇਰੀਗਾਰਡ ਦਾ ਸ਼ਹਿਰ ਹੈ ਇਸਲਾਮ ਦਾ ਨਹੀਂ' ਜਿਹੇ ਪੋਸਟਰ ਨਜ਼ਰ ਆ ਰਹੇ ਸਨ। ਮੈਂ ਇਹ ਨਹੀ ਕਹਿ ਰਿਹਾ ਹਾਂ ਕਿ ਦੋਵੇਂ ਘਟਨਾਵਾਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਸਨ ਪਰ ਦੋਹਾਂ ਦੇ ਪਿੱਛੇ ਉਦੇਸ਼ ਇਕ ਹੀ ਹੈ।'' ਇੱਥੇ ਦੱਸ ਦਈਏ ਕਿ ਫਰਾਂਸ ਵਿਚ ਕਿਸੇ ਧਾਰਮਿਕ ਸੰਸਥਾ ਦਾ ਅਪਮਾਨ ਕਰਨਾ ਇਕ ਸਜ਼ਾਯੋਗ ਅਪਰਾਧ ਹੈ। ਇਸ ਮਾਮਲੇ ਵਿਚ ਦੋਸ਼ੀ ਨੂੰ 7 ਸਾਲ ਤੱਕ ਦੀ ਜੇਲ ਹੋ ਸਕਦੀ ਹੈ । ਇਸ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।


Vandana

Content Editor

Related News