ਗਾਜ਼ਾ ’ਚ ਇਜ਼ਰਾਈਲੀ ਕਾਰਵਾਈ ਦੇ ਵਿਰੁੱਧ ਅਮਰੀਕੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ’ਚ ਗੁੱਸਾ ਕਿਉਂ

Monday, Apr 29, 2024 - 03:14 AM (IST)

ਗਾਜ਼ਾ ’ਚ ਇਜ਼ਰਾਈਲੀ ਕਾਰਵਾਈ ਦੇ ਵਿਰੁੱਧ ਅਮਰੀਕੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ’ਚ ਗੁੱਸਾ ਕਿਉਂ

ਬੀਤੇ ਵਰ੍ਹੇ ਅਕਤੂਬਰ ’ਚ ਹਮਾਸ ਵਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਦੇ ਜਵਾਬ ’ਚ ਇਜ਼ਰਾਈਲ ਵਲੋਂ ਗਾਜ਼ਾ ’ਤੇ 6 ਮਹੀਨਿਆਂ ਤੋਂ ਹੋ ਰਹੇ ਹਮਲਿਆਂ ’ਚ ਹੋਏ ਭਿਆਨਕ ਕਤਲੇਆਮ ਅਤੇ ਤਬਾਹੀ ਦੇ ਵਿਰੁੱਧ ਵਿਸ਼ਵ ਦੇ ਕਈ ਹਿੱਸਿਆਂ ’ਚ ਇਜ਼ਰਾਈਲ ਦੇ ਵਿਰੁੱਧ ਰੋਸ ਪੈਦਾ ਹੋ ਰਿਹਾ ਹੈ।

ਇਸੇ ਲੜੀ ’ਚ ਅਮਰੀਕਾ ਦੇ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਤਕ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ’ਚ ਭਾਰੀ ਰੋਸ ਅਤੇ ਗੁੱਸਾ ਪੈਦਾ ਹੋ ਗਿਆ ਹੈ। ਕਈ ਯੂਨੀਵਰਸਿਟੀਆਂ ’ਚ ਵਿਖਾਵਾਕਾਰੀ ਵਿਦਿਆਰਥੀਆਂ ਦੀਆਂ ਪੁਲਸ ਨਾਲ ਝੜਪਾਂ ’ਚ ਕੁਝ ਜਮਾਤਾਂ ਵੀ ਬੰਦ ਹੋ ਗਈਆਂ ਹਨ ਅਤੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਵੀ ਨਹੀਂ ਹੋ ਸਕੀ ਹੈ।

ਇਸ ਦੀ ਸ਼ੁਰੂਆਤ ਲਗਭਗ 2 ਮਹੀਨੇ ਪਹਿਲਾਂ ਹਾਵਰਡ ਅਤੇ ਯੂਨੀਵਰਸਿਟੀ ਆਫ ਪੈਂਸਿਲਵੇਨੀਆ ’ਚ ਹੋਈ ਜਿਥੇ ਇਸ ਨੂੰ ਦਬਾਅ ਦਿੱਤਾ ਗਿਆ। ਗਾਜ਼ਾ ਦੇ ਘਟਨਾਕ੍ਰਮ ਨਾਲ ਸਬੰਧਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰੋਸ ਵਿਖਾਵੇ ਦੀ ਸ਼ੁਰੂਆਤ ਕੋਲੰਬੀਆ ਯੂਨੀਵਰਸਿਟੀ ਤੋਂ ਹੋਈ ਕਿਉਂਕਿ ਇਸ ਤੋਂ ਪਹਿਲਾਂ ਤਾਂ ਕਿਸੇ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਸੀ ਕਿ ਫਿਲਸਤੀਨ ’ਚ ਇੰਨਾ ਜ਼ਿਆਦਾ ਅਨਰਥ ਹੋ ਰਿਹਾ ਹੈ।

ਅਮਰੀਕੀ ਕਾਨੂੰਨ ਦੇ ਅਨੁਸਾਰ ਪ੍ਰੋਟੈਸਟ ਕਰਨ ਦੇ ਦੌਰਾਨ ਕਿਸੇ ਵਿਦਿਆਰਥੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਕੋਲੰਬੀਆ ਯੂਨੀਵਰਿਸਟੀ ਦੇ ਪ੍ਰਬੰਧਕਾਂ ਨੇ ਇਕ ਕੋਨਾ ਬਣਾਇਆ ਹੋਇਆ ਹੈ ਜਿਥੇ ਵਿਦਿਆਰਥੀ ਪ੍ਰੋਟੈਸਟ ਕਰ ਸਕਦੇ ਹਨ ਪਰ ਵਿਦਿਆਰਥੀਆਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਪ੍ਰੋਟੈਸਟ ਕੀਤਾ ਤਾਂ ਪਹਿਲਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਮੁਅੱਤਲ ਕਰਨ ਦੇ ਬਾਅਦ ਉਨ੍ਹਾਂ ਦਾ ਸਾਮਾਨ ਕੱਢ ਕੇ ਬਾਹਰ ਸੁੱਟ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਲਈ ਹੁਣ ਵਿਦਿਆਰਥੀ ਸਿਰਫ ਕੋਲੰਬੀਆ ਯੂਨੀਵਰਸਿਟੀ ’ਚ ਹੀ ਨਹੀਂ ਸਗੋਂ ਹੋਰਨਾਂ ਯੂਨੀਵਰਸਿਟੀਆਂ ’ਚ ਵੀ ਆਪਣੇ ਯੂਨੀਵਰਸਿਟੀ ਕੰਪਲੈਕਸਾਂ ਤੋਂ ਦੂਰ ਜਾ ਕੇ ਵੱਡੇ ਪੱਧਰ ’ਤੇ ਰੋਸ ਵਿਖਾਵੇ ਕਰ ਰਹੇ ਹਨ।

ਦੇਸ਼ ਭਰ ਦੇ ਕਾਲਜ ਕੰਪਲੈਕਸਾਂ ’ਚ ਵਿਖਾਵਾਕਾਰੀ ਵਿਦਿਆਰਥੀਆਂ ਦੀ ਇਕ ਕੇਂਦਰੀ ਮੰਗ ਇਹ ਹੈ ਕਿ ਯੂਨੀਵਰਸਿਟੀ ਅਤੇ ਕਾਰੋਬਾਰ ਇਜ਼ਰਾਈਲ ਨਾਲ ਜੁੜੀਆਂ ਕੰਪਨੀਆਂ ਤੋਂ ਵੱਖ ਹੋ ਜਾਣ ਜੋ ਗਾਜ਼ਾ ’ਚ ਜੰਗ ਤੋਂ ਲਾਭ ਕਮਾ ਰਹੇ ਹਨ। ਹੋਰਨਾਂ ਮੰਗਾਂ ’ਚ ਵਿਖਾਵਾਕਾਰੀਆਂ ਨੇ ਯੂਨੀਵਰਸਿਟੀਆਂ ਨੂੰ ਆਪਣੇ ਨਿਵੇਸ਼ ਦਾ ਖੁਲਾਸਾ ਕਰਨ, ਗਾਜ਼ਾ ’ਚ ਜੰਗਬੰਦੀ ਦਾ ਸਮਰਥਨ ਕਰਨ ਤੇ ਇਜ਼ਰਾਈਲੀ ਵਿਦਿਆਰਥੀਆਂ ਨਾਲ ਵਿੱਦਿਅਕ ਸਬੰਧ ਤੋੜਨ ਦੀ ਮੰਗ ਸ਼ਾਮਲ ਹੈ।

ਇਸ ਦੇ ਇਲਾਵਾ ਕਤਲੇਆਮ ਨੂੰ ਸਮਰੱਥ ਕਰਨ ਲਈ ਵਰਤੇ ਜਾਣ ਵਾਲੇ ਜੰਗੀ ਹਥਿਆਰਾਂ ’ਤੇ ਯੂਨੀਵਰਸਿਟੀ ’ਚ ਖੋਜ ਬੰਦ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਵਿਖਾਵਾਕਾਰੀ ਚਾਹੁੰਦੇ ਹਨ ਕਿ ਕੋਲੰਬੀਆ ਯੂਨੀਵਰਸਿਟੀ ਤੇਲ ਅਵੀਵ ’ਚ ਆਪਣੇ ਕੇਂਦਰ ਦੇ ਨਾਲ ਸਬੰਧ ਤੋੜ ਦੇਵੇ ਅਤੇ ਤੇਲ ਅਵੀਵ ਯੂਨੀਵਰਸਿਟੀ ਦੇ ਨਾਲ ਦੋਹਰੀ ਡਿਗਰੀ ਪ੍ਰੋਗਰਾਮ ਬੰਦ ਕਰ ਦੇਵੇ। ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਯੂਨੀਵਰਸਿਟੀਆਂ ਨੂੰ ਇਜ਼ਰਾਈਲ ਤੋਂ ਜੋ ਐਂਡੋਮੈਂਟ ਮਿਲ ਰਹੀ ਹੈ, ਉਸ ਨੂੰ ਬੰਦ ਕੀਤਾ ਜਾਵੇ।

ਵਿਦਿਆਰਥੀ ਦੇਸ਼ ਦੀਆਂ ਯੂਨੀਵਰਸਿਟੀਆਂ ਨੂੰ ਇਜ਼ਰਾਈਲ ’ਚ ਆਪਣੇ ਨਿਵੇਸ਼ ਦਾ ਖੁਲਾਸਾ ਕਰਨ, ਗਾਜ਼ਾ ’ਚ ਜੰਗਬੰਦੀ ਦਾ ਸਮਰਥਨ ਕਰਨ ਦੀ ਮੰਗ ਵੀ ਕਰ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ, ‘‘ਜਦ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਅਸੀਂ ਕਿਤੇ ਨਹੀਂ ਜਾਵਾਂਗੇ।’’ ਹਾਲਾਂਕਿ ਯੂਨੀਵਰਸਿਟੀਆਂ ਨੇ ਵੱਡੇ ਪੱਧਰ ’ਤੇ ਇਸ ਮੰਗ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਵਿਨਿਵੇਸ਼ ਦਾ ਕੰਪਨੀਆਂ ’ਤੇ ਕੋਈ ਮਹੱਤਵਪੂਰਨ ਅਸਰ ਨਹੀਂ ਪੈ ਸਕਦਾ।

ਅਮਰੀਕੀ ਕਾਂਗਰਸ ’ਚ ਇਜ਼ਰਾਈਲ ਅਤੇ ਯੂਕ੍ਰੇਨ ਨੂੰ 95 ਮਿਲੀਅਨ ਡਾਲਰ ਸਹਾਇਤਾ ਦਾ ਮਤਾ ਪਾਸ ਕਰਨ ਵਾਲੇ ਮਾਈਕ ਜਾਨਸਨ ਨੇ ਬੀਤੀ 24 ਅਪ੍ਰੈਲ ਨੂੰ ਜਦੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤਾਂ ਉਨ੍ਹਾਂ ਨੇ ਦੋਸ਼ ਲਾਇਆ ਕਿ ਇਨ੍ਹਾਂ ਸਾਰਿਆਂ ਨੂੰ ਰੋਸ ਵਿਖਾਵਾ ਕਰਨ ਲਈ 2000-2000 ਡਾਲਰ ਰਕਮ ਦਿੱਤੀ ਜਾ ਰਹੀ ਹੈ ਤਾਂ ਵਿਦਿਆਰਥੀਆਂ ਨੇ ਇਸ ਗੱਲ ਨੂੰ ਲੈ ਕੇ ਵੱਡਾ ਪ੍ਰੋਟੈਸਟ ਕੀਤਾ ਅਤੇ ਕਿਹਾ ਕਿ ਉਹ ਤਾਂ ਗਾਜ਼ਾ ’ਚ ਇਜ਼ਰਾਈਲੀ ਕਾਰਵਾਈ ਨੂੰ ਅਮਰੀਕਾ ਵਲੋਂ ਸਮਰਥਨ ਦੇ ਵਿਰੁੱਧ ਪ੍ਰੋਟੈਸਟ ਕਰ ਰਹੇ ਹਨ। ਵਿਦਿਆਰਥੀਆਂ ਨੇ ਉਨ੍ਹਾਂ ਨੂੰ ਕਿਹਾ, ‘‘ਖੁਲਾਸਾ ਕਰੋ, ਖੁਲਾਸਾ ਕਰੋ। ਅਸੀਂ ਰੁਕਾਂਗੇ ਨਹੀਂ, ਅਸੀਂ ਆਰਾਮ ਨਹੀਂ ਕਰਾਂਗੇ।’’

ਇਸ ਤਰ੍ਹਾਂ ਦੇ ਹਾਲਾਤ ਅਤੇ ਅਮਰੀਕਾ ਭਰ ਦੀਆਂ ਯੂਨੀਵਰਸਿਟੀਆਂ ’ਚ ਸੈਂਕੜੇ ਗ੍ਰਿਫਤਾਰੀਆਂ ਦੇ ਦਰਮਿਆਨ ਅਧਿਕਾਰੀਆਂ ਨੂੰ ਦੇਸ਼ ’ਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨ ਅਤੇ ਵਿਦਿਆਰਥੀਆਂ ਨੂੰ ਵਿਰੋਧ ਵਿਖਾਵੇ ’ਚ ਹਿੱਸਾ ਲੈਣ ਦੇ ਲਈ ਸਜ਼ਾ ਦਿੱਤੇ ਜਾਣ ਤੋਂ ਬਚਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ’ਚ ਵਿਖਾਵਾਕਾਰੀ ਵਿਦਿਆਰਥੀ ਹਿਰਾਸਤ ’ਚ ਲਏ ਗਏ ਲੋਕਾਂ ਲਈ ਮੁਕੰਮਲ ਮੁਆਫੀ ਅਤੇ ਕੰਪਲੈਕਸ ’ਚ ‘ਪੁਲਸ ਪ੍ਰਬੰਧ ਨਹੀ’ ਦੀ ਮੰਗ ਕਰ ਰਹੇ ਹਨ। ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਖੁਲਾਸਾ ਕਰਨ ਅਤੇ ਇਜ਼ਰਾਈਲੀ ਯੂਨੀਵਰਸਿਟੀਆਂ ਨਾਲੋਂ ਸਬੰਧ ਤੋੜਨ ਅਤੇ ਵਿਨਿਵੇਸ਼ ਕਰਨ ਦੀਆਂ ਮੰਗਾਂ ਆਪਸ ’ਚ ਜੁੜੀਆਂ ਹੋਈਆਂ ਹਨ। ਵਿਖਾਵਾਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਮਰੀਕੀ ਯੂਨੀਵਰਸਿਟੀਆਂ ਦੇ ਕਈ ਆਰਥਿਕ ਹਿੱਤ ਅਪਾਰਦਰਸ਼ੀ ਹਨ ਅਤੇ ਇਨ੍ਹਾਂ ਦੇ ਇਜ਼ਰਾਈਲ ਨਾਲ ਸਬੰਧ ਅਧਿਕਾਰੀਆਂ ਦੀ ਕਲਪਨਾ ਤੋਂ ਵੀ ਵੱਧ ਵੱਡੇ ਹੋ ਸਕਦੇ ਹਨ।

ਇਸ ਤੋਂ ਪਹਿਲਾਂ ਅਮਰੀਕਾ ’ਚ ਇੰਨੇ ਵੱਡੇ ਪੱਧਰ ’ਤੇ ਯੂਨੀਵਰਸਿਟੀਆਂ ’ਚ ਰੋਸ ਵਿਖਾਵੇ ਵੀਅਤਨਾਮ ਜੰਗ ਦੇ ਦੌਰਾਨ ਦੇਖੇ ਗਏ ਸਨ ਜਦੋਂ ਵਿਦਿਆਰਥੀਆਂ ਨੇ ਅਮਰੀਕਾ ਸਰਕਾਰ ਨੂੰ ਜੰਗ ਤੋਂ ਹਟਣ ਲਈ ਮਜਬੂਰ ਕਰਨ ਲਈ ਵੱਡੇ ਪੱਧਰ ’ਤੇ ਰੋਸ ਵਿਖਾਵੇ ਕੀਤੇ ਸਨ। ਹਾਲਾਂਕਿ ਅਮਰੀਕੀ ਅਧਿਕਾਰੀਆਂ ਵਲੋਂ ਵਿਖਾਵਾਕਾਰੀ ਵਿਦਿਆਰਥੀਆਂ ਦੀ ਮੰਗ ਪ੍ਰਵਾਨ ਕਰਨ ਦੀ ਸੰਭਾਵਨਾ ਨਹੀਂ ਹੈ। ਫਿਰ ਵੀ ਆਉਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਇਸ ਦਾ ਕੀ ਪ੍ਰਭਾਵ ਹੋਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ।

-ਵਿਜੇ ਕੁਮਾਰ


author

Harpreet SIngh

Content Editor

Related News